- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਵੱਲੋਂ ਭੇਜੇ ਜਾਣ ਵਾਲੇ ਡਰੋਨ ਅਤੇ ਨਾਜਾਇਜ਼ ਹਥਿਆਰਾਂ ਖ਼ਿਲਾਫ਼ ਸਰਹੱਦੀ ਸੁਰੱਖਿਆ ਬਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬੀ.ਐੱਸ.ਐੱਫ. ਦੀ 65 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਗਹਿਲੇ ਵਾਲਾ ਦੇ ਖੇਤਾਂ ਵਿੱਚੋਂ ਇੱਕ ਡਰੋਨ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ।

ਬੰਪਲ ਬਠੇਜਾ.ਪੰਜਾਬੀ ਜਾਗਰਣ,ਜਲਾਲਾਬਾਦ: ਪਾਕਿਸਤਾਨ ਵੱਲੋਂ ਭੇਜੇ ਜਾਣ ਵਾਲੇ ਡਰੋਨ ਅਤੇ ਨਾਜਾਇਜ਼ ਹਥਿਆਰਾਂ ਖ਼ਿਲਾਫ਼ ਸਰਹੱਦੀ ਸੁਰੱਖਿਆ ਬਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬੀ.ਐੱਸ.ਐੱਫ. ਦੀ 65 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਗਹਿਲੇ ਵਾਲਾ ਦੇ ਖੇਤਾਂ ਵਿੱਚੋਂ ਇੱਕ ਡਰੋਨ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਪਿੰਡ ਗਹਿਲੇ ਵਾਲਾ ਸਥਿਤ ਬੀ.ਐੱਸ.ਐੱਫ. ਚੌਕੀ ਟਾਹਲੀ ਵਾਲਾ ਦੇ ਅਧੀਨ ਆਉਂਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜਵਾਨਾਂ ਨੂੰ ਖੇਤਾਂ ਵਿੱਚੋਂ ਇੱਕ ਡਰੋਨ, ਇੱਕ ਪਿਸਤੌਲ, 4 ਜਿੰਦਾ ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਹੋਏ।
ਬਰਾਮਦ ਕੀਤੇ ਗਏ ਡਰੋਨ ਅਤੇ ਅਸਲੇ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਸਦਰ ਜਲਾਲਾਬਾਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਅਤੇ ਨਾਜਾਇਜ਼ ਅਸਲਾ ਕਿੱਥੋਂ ਆਇਆ ਅਤੇ ਇਸਨੂੰ ਇੱਥੇ ਕੌਣ ਲੈ ਕੇ ਆਇਆ ਸੀ।
ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ਓ. ਅੰਗਰੇਜ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਰਹੱਦੀ ਇਲਾਕੇ ਵਿੱਚ ਡਰੋਨ ਅਤੇ ਹਥਿਆਰਾਂ ਦੀ ਇਹ ਬਰਾਮਦਗੀ ਸੁਰੱਖਿਆ ਏਜੰਸੀਆਂ ਲਈ ਅਹਿਮ ਮੰਨੀ ਜਾ ਰਹੀ ਹੈ। ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਅਜਿਹੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।