- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਡਾਕਟਰ ਦਿਵਸ ‘ਤੇ ਡਾ. ਐਡੀਸਨ ਏਰਿਕ ਨੂੰ ਮਿਲਿਆ ਸਟੇਟ ਅਵਾਰਡ

- ਨੈਸ਼ਨਲ ਡਾਕਟਰ ਦਿਵਸ ’ਤੇ ਡਾ. ਐਡੀਸਨ ਏਰਿਕ ਨੂੰ ਮਿਲਿਆ ਸਟੇਟ ਐਵਾਰਡ
- ਉਤਕ੍ਰਿਸ਼ਟ ਸੇਵਾਵਾਂ ਲਈ ਸੂਬਾ ਪੱਧਰੀ ਸਨਮਾਨ ਨਾਲ ਮਾਣਵੰਤੀ ਸ਼ਲਾਘਾ
- ਸਨਮਾਨ ਨਿੱਜੀ ਨਹੀਂ, ਸਗੋਂ ਪੂਰੀ ਸਿਹਤ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ : ਡਾ. ਏਰਿਕ
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ
ਫਾਜ਼ਿਲਕਾ : ਸਿਹਤ ਵਿਭਾਗ ਫਾਜ਼ਿਲਕਾ ਅਤੇ ਜ਼ਿਲ੍ਹਾ ਵਾਸੀਆਂ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਸੀਨੀਅਰ ਡਾਕਟਰ ਨੇ ਪੰਜਾਬ ਪੱਧਰ ’ਤੇ ਆਪਣੀ ਉੱਤਮ ਕਾਰਗੁਜ਼ਾਰੀ ਨਾਲ ਵਿਸ਼ੇਸ਼ ਪਛਾਣ ਬਣਾਈ ਹੈ। ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ‘ਨੈਸ਼ਨਲ ਡਾਕਟਰ ਦਿਵਸ’ ਮੌਕੇ ਕਰਵਾਏ ਗਏ ‘ਸਟੇਟ ਲੈਵਲ ਐਵਾਰਡ ਫਾਰ ਡਾਕਟਰਸ’ ਸਮਾਗਮ ਦੌਰਾਨ ਸੂਬੇ ਭਰ ਵਿੱਚੋਂ ਕੁੱਲ 58 ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਨੈਸ਼ਨਲ ਡਾਕਟਰ ਦਿਵਸ ਮੌਕੇ ਸਟੇਟ ਲੈਵਲ ਐਵਾਰਡ ਨਾਲ ਡਾ. ਐਡੀਸਨ ਏਰਿਕ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸਟਾਫ ਅਤੇ ਡਾਕਟਰਾਂ ਵੱਲੋਂ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਇਨ੍ਹਾਂ ਡਾਕਟਰਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਹ ਸਨਮਾਨ ਉਨ੍ਹਾਂ ਦੀ ਨਿਸ਼ਠਾ, ਸਮਰਪਣ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੇ ਗਏ ਯਤਨਾਂ ਦਾ ਪ੍ਰਤੀਕ ਹੈ। ਡਾ. ਐਡੀਸਨ ਏਰਿਕ ਨੇ ਆਪਣੇ ਖੇਤਰ ਵਿੱਚ ਪ੍ਰਸ਼ਾਸਕੀ ਅਤੇ ਚਿਕਿਤਸਾ ਸੇਵਾਵਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੀ ਯੋਜਨਾਬੱਧ ਕਾਰਗੁਜ਼ਾਰੀ ਨਾਲ ਲੋਕਾਂ ਤੱਕ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪਹੁੰਚ ਰਹੀਆਂ ਹਨ ਅਤੇ ਜ਼ਿਲ੍ਹੇ ਦੇ ਸਿਹਤ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦਰਜ ਹੋਇਆ ਹੈ। ਇਸ ਮੌਕੇ ਡਾ. ਅਰਪਿਤ ਗੁਪਤਾ, ਡਾ. ਨਿਸ਼ਾਂਤ ਸੇਤੀਆ, ਡਾ. ਨੀਲੂ ਚੁੱਘ, ਡਾ. ਭੂਪੇਣ, ਪਾਰਸ ਕਟਾਰੀਆ, ਗੁਰਪਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਫਾਜ਼ਿਲਕਾ ਦੇ ਸਟਾਫ ਵੱਲੋਂ ਡਾ. ਐਡੀਸਨ ਏਰਿਕ ਨੂੰ ਵਧਾਈ ਦਿੱਤੀ ਗਈ ਅਤੇ ਇਸ ਉਪਲਬਧੀ ਨੂੰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਿਆ ਗਿਆ।
ਨੈਸ਼ਨਲ ਡਾਕਟਰ ਦਿਵਸ ਮੌਕੇ ਸਟੇਟ ਲੈਵਲ ਐਵਾਰਡ ਮਿਲਣ ’ਤੇ ਡਾ. ਐਡੀਸਨ ਏਰਿਕ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ, ਸਗੋਂ ਪੂਰੀ ਸਿਹਤ ਟੀਮ ਦੀ ਸਾਂਝੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਉਹ ਇਸੇ ਜਜ਼ਬੇ ਨਾਲ ਭਵਿੱਖ ਵਿੱਚ ਵੀ ਕੰਮ ਜਾਰੀ ਰੱਖਣਗੇ। ਇਹ ਸਨਮਾਨ ਪੂਰੀ ਸਿਹਤ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਸਕੀਮਾਂ ਨਾਲ ਜੁੜ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ।