ਬਿਨਾਂ ਗੁਰੂ ਦੀ ਕਿਰਪਾ ਦੇ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸਤਿਸੰਗ ਹੋਇਆ
Publish Date: Tue, 24 Feb 2026 05:12 PM (IST)
Updated Date: Tue, 24 Feb 2026 05:13 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ’ਚ ਸਤਿਸੰਗ ਸ਼ਰਧਾ, ਭਗਤੀ ਤੇ ਆਤਮਕ ਅਨੁਭੂਤੀ ਦੇ ਮਾਹੌਲ ’ਚ ਕਰਵਾਇਆ ਗਿਆ। ਇਸ ਸਤਿਸੰਗ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ ਅਤੇ ਪੂਰਨ ਸੰਤਾ ਮਹਾਂਪੁਰਖਾਂ ਦੀ ਕਿਰਪਾ ਨਾਲ ਆਪਣੇ ਜੀਵਨ ਨੂੰ ਆਤਮਕ ਪ੍ਰਕਾਸ਼ ਵੱਲ ਲੈਕੇ ਜਾਣ ਲਈ ਪ੍ਰੇਰਿਤ ਕੀਤਾ। ਸਤਿਸੰਗ ਦੌਰਾਨ ਸਰਵ ਆਸ਼ੂਤੋਸ਼ ਮਹਾਰਾਜ ਦੀ ਪਰਮ ਸ਼ਿਸ਼ ਸਾਧਵੀ ਪ੍ਰੀਤੀ ਭਾਰਤੀ ਨੇ ਗੁਰੂ ਪ੍ਰਤੀ ਬਿਰਹਾ ਅਤੇ ਪਰਮਾਤਮਾ ਨੂੰ ਮਿਲਣ ਦੀ ਅਟੱਲ ਚਾਹ ਵਿਸ਼ੇ ’ਤੇ ਡੂੰਘੇ ਅਤੇ ਹਿਰਦੇ ਨੂੰ ਛੂਹਣ ਵਾਲੇ ਅਧਿਆਤਮਿਕ ਵਿਚਾਰ ਪ੍ਰਸਤੁਤ ਕਰਦਿਆਂ ਕਿਹਾ ਕਿ ਜਿਵੇਂ ਪਿਆਸੇ ਨੂੰ ਪਾਣੀ ਦੀ ਲੋੜ ਹੁੰਦੀ ਹੈ, ਓਸੇ ਤਰ੍ਹਾਂ ਆਤਮਾ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਤੜਫ਼ ਹੁੰਦੀ ਹੈ। ਇਹ ਤਰਫ਼ ਹੀ ਪੂਰਨ ਗੁਰੂ ਪ੍ਰਤੀ ਬਿਰਹਾ ਦਾ ਰੂਪ ਧਾਰਨ ਕਰ ਲੈਂਦੀ ਹੈ, ਜੋ ਮਨੁੱਖ ਨੂੰ ਸੰਸਾਰਿਕ ਮੋਹ ਤੋਂ ਉੱਪਰ ਉਠਾ ਕੇ ਪ੍ਰਭੂ ਦੇ ਚਰਨਾਂ ਨਾਲ ਜੋੜਦੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾ ਬਿਰਹਾ ਮਨੁੱਖ ਦੇ ਅੰਦਰੋਂ ਅਹੰਕਾਰ ਨੂੰ ਗਲਾਉਂਦਾ ਹੈ ਅਤੇ ਹਿਰਦੇ ਵਿੱਚ ਨਿਮਰਤਾ, ਪ੍ਰੇਮ ਅਤੇ ਸਮਰਪਣ ਦੇ ਭਾਵ ਜਗਾਉਂਦਾ ਹੈ। ਜਦੋਂ ਸਾਧਕ ਗੁਰੂ ਦੇ ਵਿਛੋੜੇ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਹੈ, ਤਦ ਉਹ ਹਰ ਪਲ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ। ਸਾਧਵੀ ਜੀ ਨੇ ਸਮਝਾਇਆ ਕਿ ਬਿਨਾਂ ਗੁਰੂ ਦੀ ਕਿਰਪਾ ਦੇ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ ਅਤੇ ਗੁਰੂ ਹੀ ਉਹ ਦੀਵਾ ਹੈ ਜੋ ਸਾਡੇ ਅੰਦਰਲੇ ਅੰਧਕਾਰ ਨੂੰ ਮਿਟਾ ਕੇ ਆਤਮਕ ਪ੍ਰਕਾਸ਼ ਦਾ ਰਾਹ ਦਿਖਾਉਂਦਾ ਹੈ। ਸਾਧਵੀ ਜੀ ਨੇ ਸੰਗਤ ਨੂੰ ਸਮਝਾਇਆ ਕਿ ਉਹ ਸਿਮਰਨ, ਸਤਿਸੰਗ ਅਤੇ ਸੇਵਾ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ, ਕਿਉਂਕਿ ਇਹੀ ਉਹ ਸਾਧਨ ਹਨ ਜੋ ਮਨੁੱਖ ਨੂੰ ਪਰਮਾਤਮਾ ਨਾਲ ਅਟੁੱਟ ਜੋੜ ਪੈਦਾ ਕਰਨ ਵਿੱਚ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦ ਮਨ ਗੁਰੂ ਚਰਨਾਂ ਵਿੱਚ ਟਿਕ ਜਾਂਦਾ ਹੈ, ਤਦ ਜੀਵਨ ਦੇ ਦੁੱਖ, ਕਲੇਸ਼ ਅਤੇ ਉਲਝਣਾਂ ਆਪਣੇ ਆਪ ਦੂਰ ਹੋਣ ਲੱਗ ਪੈਂਦੀਆਂ ਹਨ। ਇਸ ਅਧਿਆਤਮਿਕ ਸਮਾਗਮ ਨੂੰ ਹੋਰ ਵੀ ਰਸਮਈ ਬਣਾਉਂਦਿਆਂ ਗੁਰੂ ਭੈਣ ਨੈਨਸੀ ਜੀ ਵੱਲੋਂ ਭਾਵਪੂਰਨ ਭਜਨ ਕੀਰਤਨ ਦਾ ਸੁੰਦਰ ਗਾਇਨ ਕੀਤਾ ਗਿਆ। ਭਜਨਾਂ ਦੇ ਮਿੱਠੇ ਅਤੇ ਦਰਦ ਭਰੇ ਸੁਰਾਂ ਨੇ ਸੰਗਤ ਦੇ ਹਿਰਦੇ ਨੂੰ ਛੂਹ ਲਿਆ ਅਤੇ ਸਾਰਾ ਆਸ਼ਰਮ ਭਗਤੀ ਰਸ ਵਿੱਚ ਡੁੱਬ ਗਿਆ। ਕੀਰਤਨ ਦੌਰਾਨ ਸੰਗਤ ਗੁਰੂ ਮਹਿਮਾ ਦਾ ਗੁਣਗਾਨ ਕੀਤਾ।