ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਦੀ ਚਰਚਾ ਤੇਜ਼, ਰਾਜ ਬਖ਼ਸ਼ ਕੰਬੋਜ ਦਾ ਨਾਂ ਆਇਆ ਸਾਹਮਣੇ ਜਲਾਲਾਬਾਦ ਵਿੱਚ ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਦੀ ਚਰਚਾ ਤੇਜ਼, ਰਾਜ ਬਖ਼ਸ਼ ਕੰਬੋਜ ਦਾ ਨਾਂ ਆਇਆ ਸਾਹਮਣੇ
Publish Date: Thu, 19 Nov 2026 03:49 PM (IST)
Updated Date: Fri, 20 Nov 2026 04:01 AM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੀ ਸਿਆਸਤ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਵਿੱਚ ਟਿਕਟ ਦੇ ਦਾਅਵੇਦਾਰਾਂ ਨੂੰ ਲੈ ਕੇ ਚੱਲ ਰਹੀ ਇਸ ਚਰਚਾ ਦੌਰਾਨ ਰਾਜ ਬਖ਼ਸ਼ ਕੰਬੋਜ ਦਾ ਨਾਂ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਦਾ ਮੁੱਖ ਕਾਰਨ ਪਿਛਲੇ 36 ਸਾਲਾਂ ਤੋਂ ਉਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਜੁੜੇ ਰਹਿਣਾ ਅਤੇ ਬਦਲਦੇ ਸਿਆਸੀ ਹਾਲਾਤ ਦੇ ਬਾਵਜੂਦ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖਣਾ ਦੱਸਿਆ ਜਾ ਰਿਹਾ ਹੈ। ਰਾਜ ਬਖ਼ਸ਼ ਕੰਬੋਜ ਦਾ ਸਿਆਸੀ ਸਫ਼ਰ ਕਈ ਉਤਰਾਅ-ਚੜ੍ਹਾਅ ਵਾਲੇ ਦੌਰਾਂ ਵਿੱਚੋਂ ਲੰਘਿਆ ਹੈ। ਜਲਾਲਾਬਾਦ ਸਮੇਤ ਪੰਜਾਬ ਦੀ ਸਿਆਸਤ ਵਿੱਚ ਸਮੇਂ-ਸਮੇਂ ਤੇ ਵੱਡੇ ਬਦਲਾਅ ਆਏ ਅਤੇ ਕਈ ਆਗੂਆਂ ਨੇ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਦਾ ਰੁਖ਼ ਕੀਤਾ, ਪਰ ਰਾਜ ਬਖ਼ਸ਼ ਕੰਬੋਜ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ। ਉਹ ਲਗਾਤਾਰ ਪਾਰਟੀ ਵਰਕਰਾਂ ਨਾਲ ਜੁੜੇ ਰਹੇ ਅਤੇ ਕਾਂਗਰਸ ਦੀਆਂ ਸਿਆਸੀ ਤੇ ਜਥੇਬੰਦਕ ਗਤੀਵਿਧੀਆਂ ਵਿੱਚ ਆਪਣੀ ਸ਼ਮੂਲੀਅਤ ਬਣਾਈ ਰੱਖੀ। ਉਨ੍ਹਾਂ ਦੀ ਸਿਆਸੀ ਸਰਗਰਮੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਹੁੰਦਿਆਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਸਨ, ਉਸ ਸਮੇਂ ਵੀ ਰਾਜ ਬਖ਼ਸ਼ ਕੰਬੋਜ ਕਾਂਗਰਸ ਵੱਲੋਂ ਸਿਆਸੀ ਮੈਦਾਨ ਵਿੱਚ ਸਰਗਰਮ ਰਹੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹੇ। ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਸਮਰਥਕਾਂ ਵੱਲੋਂ ਰਾਜ ਬਖ਼ਸ਼ ਕੰਬੋਜ ਨੂੰ ਕਾਂਗਰਸ ਦੀ ਟਿਕਟ ਦੇਣ ਦੀ ਮੰਗ ਉਠਾਈ ਜਾ ਰਹੀ ਹੈ। ਸਮਰਥਕਾਂ ਦਾ ਮੰਨਣਾ ਹੈ ਕਿ 36 ਸਾਲਾਂ ਦਾ ਸਿਆਸੀ ਤਜਰਬਾ, ਪਾਰਟੀ ਪ੍ਰਤੀ ਸਮਰਪਣ ਅਤੇ ਔਖੇ ਸਮੇਂ ਵਿੱਚ ਵੀ ਕਾਂਗਰਸ ਨਾਲ ਡਟ ਕੇ ਖੜ੍ਹੇ ਰਹਿਣਾ ਉਨ੍ਹਾਂ ਦੀ ਦਾਅਵੇਦਾਰੀ ਨੂੰ ਮਜ਼ਬੂਤ ਬਣਾਉਂਦਾ ਹੈ। ਹਾਲਾਂਕਿ, ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਦੀ ਚੋਣ ਸਬੰਧੀ ਅੰਤਿਮ ਫੈਸਲਾ ਕਾਂਗਰਸ ਹਾਈਕਮਾਨ ਵੱਲੋਂ ਹੀ ਲਿਆ ਜਾਣਾ ਹੈ।