ਸਤੌਜ ਮਹਾਰੈਲੀ ਤੇ 27 ਦੇ ਮਹਾਬੰਦ ਦੀ ਤਿਆਰੀ ਸਬੰਧੀ ਕੀਤੀ ਵਿਚਾਰ-ਚਰਚਾ 23 ਅਗਸਤ ਦੀ ਸਤੌਜ ਮਹਾਂ-ਰੈਲੀ ਅਤੇ 27 ਅਗਸਤ ਦੇ ਮਹਾਂਬੰਦ ਪੰਜਾਬ ਦੀ ਤਿਆਰੀ ਸਬੰਧੀ ਕੀਤੀ ਵਿਚਾਰ-ਚਰਚਾ
Publish Date: Sat, 22 Aug 2026 05:25 PM (IST)
Updated Date: Sat, 22 Aug 2026 05:27 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਾਂਝਾ ਮੁਲਾਜ਼ਮ ਮੋਰਚਾ ਬਲਾਕ ਜਲਾਲਾਬਾਦ ਦੀ ਅਹਿਮ ਮੀਟਿੰਗ ਜਗਨੰਦਨ ਸਿੰਘ, ਗੁਰਮੀਤ ਸਿੰਘ ਢਾਬਾਂ, ਅਮਰਜੀਤ ਸਿੰਘ ਬਿੱਟੂ, ਸੰਦੀਪ ਕੁਮਾਰ ਕਾਲੜਾ, ਜੋਗਿੰਦਰ ਸਿੰਘ ਲੰਮੋਚੜ, ਛਿੰਦਰ ਸਿੰਘ ਲਾਧੂਕਾ, ਸੀਐਚਟੀ ਮੰਗਲ ਸਿੰਘ ਅਤੇ ਗੁਰਪ੍ਰੀਤ ਦੀ ਦੇਖ-ਰੇਖ ਹੇਠ ਹੋਈ। ਮੀਟਿੰਗ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਹੋਣ ਵਾਲੀ ਮਹਾਰੈਲੀ ਵਿੱਚ ਸਾਂਝੇ ਰੂਪ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੇ ਨਾਲ ਹੀ 27 ਨੂੰ ਕੀਤੇ ਜਾਣ ਵਾਲੇ ‘ਮਹਾਬੰਦ ਪੰਜਾਬ’ ਨੂੰ ਸਫਲ ਬਣਾਉਣ ਲਈ ਵੀ ਤਿਆਰੀਆਂ ਕੀਤੀਆਂ ਗਈਆਂ। ਅਧਿਆਪਕ ਆਗੂ ਜਗਨੰਦਨ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੁਲਾਜ਼ਮਾਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਕਰਨਾ ਹੋਵੇਗਾ। ਗੁਰਮੀਤ ਸਿੰਘ ਢਾਬਾਂ ਨੇ ਪੰਜਾਬ ਸਰਕਾਰ ’ਤੇ ਮੁਲਾਜ਼ਮਾਂ ਨਾਲ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡੀਏ, ਵੱਖ-ਵੱਖ ਭੱਤਿਆਂ ਅਤੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁਲਾਜ਼ਮ ਵੱਡੇ ਪੱਧਰ ’ਤੇ ਇਕਜੁੱਟ ਹੋ ਚੁੱਕੇ ਹਨ ਅਤੇ ਆਉਣ ਵਾਲੇ ਸੰਘਰਸ਼ਾਂ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਸੰਦੀਪ ਕੁਮਾਰ ਕਾਲੜਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੱਕ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਉਣ ਵਾਲੇ ਸੰਘਰਸ਼ਾਂ ਨੂੰ ਸਫਲ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਨਗੇ। ਇਸ ਮੌਕੇ ਸੀਐਚਟੀ ਮੰਗਲ ਸਿੰਘ ਨੇ ਬਲਾਕ ਦੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਤੌਜ ਵਿਖੇ ਹੋਣ ਵਾਲੀ ਮਹਾਂ-ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਥੀ ਐਤਵਾਰ ਸਵੇਰੇ 6 ਵਜੇ ਰਵਾਨਗੀ ਲਈ ਤਿਆਰ ਰਹਿਣ।