ਡਾਇਰੈਕਟਰ ਡਾ. ਬਾਂਸਲ ਵੱਲੋਂ ਫਾਜ਼ਿਲਕਾ ਤੇ ਅਬੋਹਰ ਸਿਵਲ ਹਸਪਤਾਲ ਦਾ ਦੌਰਾ ਡਾਇਰੈਕਟਰ ਡਾ. ਸੁਨੀਲ ਬਾਂਸਲ ਵੱਲੋਂ ਫਾਜ਼ਿਲਕਾ ਤੇ ਅਬੋਹਰ ਦੇ ਸਿਵਲ ਹਸਪਤਾਲਾਂ ਦਾ ਦੌਰਾ
Publish Date: Sat, 10 Oct 2026 03:14 PM (IST)
Updated Date: Sat, 10 Oct 2026 03:17 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਸੁਨੀਲ ਬਾਂਸਲ ਨੇ ਅੱਜ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਦਾ ਦੌਰਾ ਕਰਕੇ ਸਿਹਤ ਸੇਵਾਵਾਂ, ਹਸਪਤਾਲਾਂ ਦੇ ਪ੍ਰਬੰਧਾਂ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ ਅਤੇ ਉਨ੍ਹਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਦੌਰੇ ਦੌਰਾਨ ਡਾ. ਬਾਂਸਲ ਨੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਓਪੀਡੀ, ਜਨਰਲ ਅਤੇ ਆਈਡੀਐੱਸਪੀ ਲੈਬ, ਫਾਰਮੇਸੀ, ਐਮਰਜੈਂਸੀ, ਜਨਰਲ ਵਾਰਡ, ਟੀਬੀ ਵਿੰਗ, ਆਯੂਸ਼ਮਾਨ ਵਿੰਗ, ਕ੍ਰਿਸ਼ਨਾ ਲੈਬ, ਟੀਕਾਕਰਨ ਕੇਂਦਰ, ਐਨਵੀਬੀਡੀਸੀਪੀ ਬ੍ਰਾਂਚ, ਐਕਸ-ਰੇ, ਈਸੀਜੀ, ਅਲਟਰਾਸਾਊਂਡ ਅਤੇ ਸੀਟੀ ਸਕੈਨ ਸੈਂਟਰ ਦਾ ਨਿਰੀਖਣ ਕੀਤਾ। ਉਨ੍ਹਾਂ ਐਮਰਜੈਂਸੀ ਅਤੇ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਸਪਤਾਲ ਦੀ ਸਾਫ਼-ਸਫ਼ਾਈ ਅਤੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਪਹੁੰਚ ਰਹੇ ਹਨ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ-ਨਾਲ ਲੋੜੀਂਦੇ ਟੈਸਟਾਂ ਅਤੇ ਐਕਸ-ਰੇ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਮੇਂ ਸਿਰ ਡਿਊਟੀ ’ਤੇ ਪਹੁੰਚਣ ਦੀ ਹਦਾਇਤ ਡਾ. ਸੁਨੀਲ ਬਾਂਸਲ ਨੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਾਲ ਮੀਟਿੰਗ ਕਰਕੇ ਚੱਲ ਰਹੇ ਸਿਹਤ ਪ੍ਰੋਗਰਾਮਾਂ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ, ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ ਅਤੇ ਓਪੀਡੀ ਵਿੱਚ ਵਾਧਾ ਹੋਵੇ। ਉਨ੍ਹਾਂ ਸਿਹਤ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਮਰੀਜ਼ਾਂ ਨਾਲ ਨਰਮੀ ਤੇ ਸਤਿਕਾਰ ਵਾਲਾ ਵਤੀਰਾ ਅਪਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ ਇਹ ਯਕੀਨੀ ਬਣਾਉਣ ਲਈ ਯਤਨ ਕਰੇ ਕਿ ਸਰਕਾਰ ਦੀਆਂ ਸਿਹਤ ਸਕੀਮਾਂ ਦਾ ਲਾਭ ਹਰ ਯੋਗ ਮਰੀਜ਼ ਤੱਕ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਵੀ ਕੀਤੀ। ਅਬੋਹਰ ਹਸਪਤਾਲ ’ਚ ਨਵੀਂ ਸੀਟੀ ਸਕੈਨ ਬਿਲਡਿੰਗ ਦਾ ਕੀਤਾ ਨਿਰੀਖਣ ਇਸ ਉਪਰੰਤ ਡਾ. ਬਾਂਸਲ ਨੇ ਸਿਵਲ ਹਸਪਤਾਲ ਅਬੋਹਰ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ ਵਿੱਚ ਨਵੀਂ ਸੀਟੀ ਸਕੈਨ ਮਸ਼ੀਨ ਲਈ ਬਣਾਈ ਜਾ ਰਹੀ ਇਮਾਰਤ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਐਮਰਜੈਂਸੀ, ਲੇਬਰ ਵਾਰਡ, ਟੀਬੀ ਹਸਪਤਾਲ, ਨਸ਼ਾ ਮੁਕਤੀ ਕੇਂਦਰ ਅਤੇ ਪੀਪੀ ਯੂਨਿਟ ਦਾ ਵੀ ਦੌਰਾ ਕੀਤਾ। ਉਨ੍ਹਾਂ ਹਸਪਤਾਲ ਦੇ ਸਟਾਫ਼ ਨਾਲ ਮੀਟਿੰਗ ਕਰਕੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਨੂੰ ਬਿਹਤਰ ਇਲਾਜ ਅਤੇ ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਐੱਸਐੱਮਓ ਡਾ. ਐਰਿਕ ਐਡੀਸਨ ਅਤੇ ਸਿਹਤ ਕਰਮਚਾਰੀ ਹਾਜ਼ਰ ਸਨ।