‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਧੋਬੀ ਘਾਟ ਪਾਰਕ ਨੂੰ ਮਿਲੀ ਨਵੀਂ ਦਿੱਖ ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਧੋਬੀ ਘਾਟ ਪਾਰਕ ਨੂੰ ਮਿਲਿਆ ਨਵਾਂ ਰੂਪ, ਸ਼ਰਮਦਾਨ ਨਾਲ ਬਦਲੀ ਤਸਵੀਰ
Publish Date: Sun, 27 Sep 2026 04:57 PM (IST)
Updated Date: Sun, 27 Sep 2026 05:00 PM (IST)
ਸ਼ਿਵਮ ਸੇਤੀਆ.ਪੰਜਾਬੀ ਜਾਗਰਣ ਅਬੋਹਰ : ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਸੂਰਜ ਨਗਰੀ ਸਥਿਤ ਧੋਬੀ ਘਾਟ ਪਾਰਕ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਐੱਸ.ਜੇ. ਟੀਮ ਦੇ ਮੈਂਬਰਾਂ ਦੇ ਨਾਲ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਵੀ ਸ਼ਰਮਦਾਨ ਕਰਕੇ ਪਾਰਕ ਦੀ ਸਫ਼ਾਈ ਅਤੇ ਸੁੰਦਰਤਾ ਵਿੱਚ ਯੋਗਦਾਨ ਪਾਇਆ। ਮੁਹਿੰਮ ਨਾਲ ਜੁੜੇ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਤੱਕ ਇਹ ਪਾਰਕ ਬਦਹਾਲ ਹਾਲਤ ਵਿੱਚ ਸੀ। ਇੱਥੇ ਗੰਦਗੀ ਅਤੇ ਕੂੜਾ ਇਕੱਠਾ ਰਹਿਣ ਕਾਰਨ ਲੋਕ ਪਾਰਕ ਵਿੱਚ ਆਉਣ ਤੋਂ ਵੀ ਕਤਰਾਉਂਦੇ ਸਨ। ਕਰੀਬ ਦੋ ਸਾਲ ਪਹਿਲਾਂ ਜਿਸ ਥਾਂ ਨੂੰ ਲੋਕ ਕੂੜਾ ਸੁੱਟਣ ਲਈ ਵਰਤਦੇ ਸਨ, ਅੱਜ ਉਹੀ ਥਾਂ ਮੁਹੱਲਾ ਵਾਸੀਆਂ ਲਈ ਸਾਫ਼-ਸੁਥਰੇ ਵਾਤਾਵਰਨ, ਸੈਰ ਅਤੇ ਆਰਾਮ ਲਈ ਬਿਹਤਰ ਸਥਾਨ ਬਣ ਚੁੱਕੀ ਹੈ। ਪਾਰਕ ਨੂੰ ਸੁੰਦਰ ਅਤੇ ਵਿਵਸਥਿਤ ਬਣਾਉਣ ਲਈ ਐੱਸ.ਜੇ. ਟੀਮ ਵੱਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਅੱਠ ਹਫ਼ਤਿਆਂ ਤੱਕ ਕੰਮ ਕੀਤਾ ਗਿਆ। ਇਸ ਦੌਰਾਨ ਕਰੀਬ 200 ਟਰਾਲੀਆਂ ਮਿੱਟੀ ਪਵਾ ਕੇ ਪਾਰਕ ਨੂੰ ਸਮਤਲ ਕੀਤਾ ਗਿਆ। ਇਸ ਦੇ ਨਾਲ ਹੀ ਪਾਰਕ ਦੀ ਸਫ਼ਾਈ ਅਤੇ ਸੁੰਦਰੀਕਰਨ ਕਰਕੇ ਲੋਕਾਂ ਦੇ ਬੈਠਣ ਤੇ ਸੈਰ ਕਰਨ ਲਈ ਬਿਹਤਰ ਪ੍ਰਬੰਧ ਕੀਤੇ ਗਏ। ਬੱਚਿਆਂ ਲਈ ਪਾਰਕ ਵਿੱਚ ਝੂਲੇ ਵੀ ਲਗਾਏ ਗਏ ਹਨ, ਜਿਸ ਕਾਰਨ ਹੁਣ ਬੱਚੇ ਇੱਥੇ ਖੇਡ ਕੇ ਸਮਾਂ ਬਤੀਤ ਕਰ ਰਹੇ ਹਨ। ਪਾਰਕ ਦੀ ਬਦਲੀ ਹੋਈ ਤਸਵੀਰ ਸਥਾਨਕ ਲੋਕਾਂ ਲਈ ਖੁਸ਼ੀ ਦਾ ਕਾਰਨ ਬਣੀ ਹੋਈ ਹੈ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ‘ਆਪਣਾ ਅਬੋਹਰ, ਆਪਣੀ ਆਭਾ’ ਸਿਰਫ਼ ਸਫ਼ਾਈ ਮੁਹਿੰਮ ਨਹੀਂ, ਸਗੋਂ ਸ਼ਹਿਰ ਪ੍ਰਤੀ ਜ਼ਿੰਮੇਵਾਰੀ ਅਤੇ ਸਾਂਝੀ ਭਾਗੀਦਾਰੀ ਦੀ ਸੋਚ ਹੈ। ਜਦੋਂ ਜਨਪ੍ਰਤੀਨਿਧੀ, ਪ੍ਰਸ਼ਾਸਨ ਅਤੇ ਆਮ ਲੋਕ ਮਿਲ ਕੇ ਯਤਨ ਕਰਦੇ ਹਨ ਤਾਂ ਕਿਸੇ ਵੀ ਬਦਹਾਲ ਥਾਂ ਨੂੰ ਸੁੰਦਰ ਅਤੇ ਉਪਯੋਗੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸਾਫ਼ ਰੱਖਣ ਵਿੱਚ ਸਹਿਯੋਗ ਦੇਣ ਅਤੇ ਅਬੋਹਰ ਨੂੰ ਸਾਫ਼, ਸੁੰਦਰ ਤੇ ਹਰਿਆ-ਭਰਿਆ ਬਣਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣਨ। ਉਨ੍ਹਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਵੀ ਅਪੀਲ ਕੀਤੀ।