ਸਾਂਵਰੀਆ ਆ ਜਾ’ ’ਤੇ ਝੂਮੇ ਸ਼ਰਧਾਲੂ, ਜੈਕਾਰਿਆਂ ਨਾਲ ਗੂੰਜਿਆ ਪੁਰਾਣੀ ਸਬਜ਼ੀ ਮੰਡੀ ਚੌਕ ਸਾਂਵਰੀਆ ਆ ਜਾ’ ’ਤੇ ਝੂਮੇ ਸ਼ਰਧਾਲੂ, ਜੈਕਾਰਿਆਂ ਨਾਲ ਗੂੰਜਿਆ ਪੁਰਾਣੀ ਸਬਜ਼ੀ ਮੰਡੀ ਚੌਕ
Publish Date: Sat, 05 Sep 2026 04:44 PM (IST)
Updated Date: Sat, 05 Sep 2026 04:46 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪੁਰਾਣੀ ਸਬਜ਼ੀ ਮੰਡੀ ਚੌਕ ਵਿਖੇ ਕਰਵਾਇਆ ਗਿਆ ਵਿਸ਼ਾਲ ਜਾਗਰਣ ਸ਼ਰਧਾ, ਭਗਤੀ ਅਤੇ ਉਤਸ਼ਾਹ ਦਾ ਕੇਂਦਰ ਬਣਿਆ ਰਿਹਾ। ਦੇਰ ਰਾਤ ਤੱਕ ਭਗਤੀ ਗੀਤਾਂ ਦੀਆਂ ਧੁਨਾਂ ਅਤੇ ‘ਰਾਧੇ-ਰਾਧੇ’, ‘ਜੈ ਸ਼੍ਰੀ ਕ੍ਰਿਸ਼ਨ’ ਦੇ ਜੈਕਾਰਿਆਂ ਨਾਲ ਪੂਰਾ ਚੌਕ ਗੂੰਜਦਾ ਰਿਹਾ। ਵੱਡੀ ਗਿਣਤੀ ਵਿੱਚ ਮਹਿਲਾ ਅਤੇ ਪੁਰਸ਼ ਸ਼ਰਧਾਲੂਆਂ ਨੇ ਜਾਗਰਣ ਵਿੱਚ ਸ਼ਮੂਲੀਅਤ ਕੀਤੀ। ਜਾਗਰਣ ਦੌਰਾਨ ਕੁਮਾਰ ਹਰੀਸ਼ ਐਂਡ ਪਾਰਟੀ, ਪਠਾਨਕੋਟ ਵਾਲਿਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਜਨ ਅਤੇ ਭੇਟਾਂ ਪੇਸ਼ ਕੀਤੀਆਂ ਗਈਆਂ। ਗਾਇਕ ਕੁਮਾਰ ਹਰੀਸ਼ ਵੱਲੋਂ ਪੇਸ਼ ਕੀਤੀ ਭੇਟ ‘ਸਾਂਵਰੀਆ ਆ ਜਾ’ ’ਤੇ ਸ਼ਰਧਾਲੂ ਭਗਤੀ ਵਿੱਚ ਝੂਮ ਉੱਠੇ। ਕਈ ਸ਼ਰਧਾਲੂ ਭਜਨਾਂ ਦੀਆਂ ਧੁਨਾਂ ’ਤੇ ਨੱਚਦੇ ਅਤੇ ਤਾੜੀਆਂ ਵਜਾਉਂਦੇ ਨਜ਼ਰ ਆਏ। ਮਹਿਲਾ ਸ਼ਰਧਾਲੂਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਭਜਨ-ਕੀਰਤਨ ਦੀਆਂ ਪੇਸ਼ਕਾਰੀਆਂ ਦੌਰਾਨ ਪੂਰਾ ਮਾਹੌਲ ਕ੍ਰਿਸ਼ਨਮਈ ਹੋ ਗਿਆ ਅਤੇ ਸ਼ਰਧਾਲੂਆਂ ਨੇ ਨੱਚ-ਗਾ ਕੇ ਜਨਮ ਅਸ਼ਟਮੀ ਦੀ ਖੁਸ਼ੀ ਮਨਾਈ। ਜਨਮ ਅਸ਼ਟਮੀ ਦੀ ਅੱਧੀ ਰਾਤ ਦਾ ਵਿਸ਼ੇਸ਼ ਪਲ ਆਉਂਦਿਆਂ ਹੀ ਸ਼ਰਧਾਲੂਆਂ ਦਾ ਉਤਸ਼ਾਹ ਹੋਰ ਵਧ ਗਿਆ। ਰਾਤ 12 ਵਜੇ ਕੇਕ ਕੱਟ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ‘ਜੈ ਸ਼੍ਰੀ ਕ੍ਰਿਸ਼ਨ’ ਦੇ ਜੈਕਾਰਿਆਂ ਨਾਲ ਪੂਰਾ ਚੌਕ ਗੂੰਜ ਉੱਠਿਆ। ਸ਼ਰਧਾਲੂਆਂ ਨੇ ਇੱਕ-ਦੂਜੇ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਆਯੋਜਕਾਂ ਵੱਲੋਂ ਜਾਗਰਣ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਮਾਗਮ ਸ਼ਰਧਾ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਸੰਪੰਨ ਹੋਇਆ। ਜਨਮ ਅਸ਼ਟਮੀ ਮੌਕੇ ਹੋਏ ਇਸ ਜਾਗਰਣ ਨੇ ਸ਼ਹਿਰ ਵਿੱਚ ਧਾਰਮਿਕ ਆਸਥਾ ਦੀ ਅਨੋਖੀ ਛਟਾ ਬਿਖੇਰੀ।