ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ, ਫਾਈਲਾਂ ’ਚ ਅਟਕੇ ਲੋਕਾਂ ਦੇ ਕੰਮ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ, ਫਾਈਲਾਂ ਵਿੱਚ ਅਟਕੇ ਲੋਕਾਂ ਦੇ ਕੰਮ
Publish Date: Thu, 22 Oct 2026 05:21 PM (IST)
Updated Date: Fri, 23 Oct 2026 04:01 AM (IST)
-ਰਜਿਸਟਰੀਆਂ ਸਮੇਤ ਕਈ ਜ਼ਰੂਰੀ ਸੇਵਾਵਾਂ ਪ੍ਰਭਾਵਿਤ, ਰੋਜ਼ਾਨਾ ਹੋਣ ਵਾਲੀਆਂ ਕਰੀਬ 40 ਰਜਿਸਟਰੀਆਂ ਦਾ ਕੰਮ ਠੱਪ -ਦੋ ਦਿਨਾਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪ੍ਰਭਾਵਿਤ, ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ : ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਦੋ ਰੋਜ਼ਾ ਹੜਤਾਲ ਵੀਰਵਾਰ ਨੂੰ ਵੀ ਜਾਰੀ ਰਹੀ। ਹੜਤਾਲ ਕਾਰਨ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਇਆ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਜ਼ਰੂਰੀ ਕੰਮ ਫਾਈਲਾਂ ਵਿੱਚ ਅਟਕ ਗਏ। ਲਾਇਸੈਂਸ, ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਨਾਲ ਸਬੰਧਤ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਭ ਤੋਂ ਵੱਧ ਅਸਰ ਤਹਿਸੀਲ ਕੰਪਲੈਕਸ ਵਿੱਚ ਰਜਿਸਟਰੀਆਂ ਦੇ ਕੰਮ ’ਤੇ ਪਿਆ ਹੈ। ਇੱਥੇ ਰੋਜ਼ਾਨਾ ਕਰੀਬ 40 ਰਜਿਸਟਰੀਆਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਪਿਛਲੇ ਦੋ ਦਿਨਾਂ ਤੋਂ ਇਹ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਹੜਤਾਲ ਦੇ ਚੱਲਦਿਆਂ ਵੀਰਵਾਰ ਨੂੰ ਵੀ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੇ ਕੰਮਕਾਜ ਨਹੀਂ ਕੀਤਾ। ਇਸ ਕਾਰਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਫਾਈਲਾਂ ਦੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ। ਆਪਣੇ ਜ਼ਰੂਰੀ ਕੰਮਾਂ ਲਈ ਦਫ਼ਤਰਾਂ ਵਿੱਚ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਮੁੜਨਾ ਪਿਆ। ਇਸ ਸਥਿਤੀ ਕਾਰਨ ਲੋਕਾਂ ਨੂੰ ਸਮੇਂ ਦੇ ਨਾਲ-ਨਾਲ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੁਪਹਿਰ ਬਾਅਦ ਸੁੰਨ੍ਹਾ ਪਿਆ ਰਿਹਾ ਤਹਿਸੀਲ ਕੰਪਲੈਕਸ ਵੀਰਵਾਰ ਦੁਪਹਿਰ ਬਾਅਦ ਫਾਜ਼ਿਲਕਾ ਦਾ ਤਹਿਸੀਲ ਕੰਪਲੈਕਸ ਸੁੰਨਾ ਨਜ਼ਰ ਆਇਆ। ਆਮ ਦਿਨਾਂ ਵਿੱਚ ਰਜਿਸਟਰੀਆਂ ਅਤੇ ਹੋਰ ਕੰਮਾਂ ਲਈ ਇੱਥੇ ਲੋਕਾਂ ਦੀ ਕਾਫ਼ੀ ਆਵਾਜਾਈ ਰਹਿੰਦੀ ਹੈ, ਪਰ ਹੜਤਾਲ ਕਾਰਨ ਕੰਮਕਾਜ ਬੰਦ ਹੋਣ ਨਾਲ ਕੰਪਲੈਕਸ ਵਿੱਚ ਰੌਣਕ ਘੱਟ ਰਹੀ। ਇੱਥੇ ਕੰਮ ਕਰਨ ਵਾਲੇ ਅਰਜ਼ੀਨਵੀਸਾਂ ਅਤੇ ਫੋਟੋਸਟੇਟ ਵਿਕਰੇਤਾਵਾਂ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਨੂੰ ਮੰਗਲਵਾਰ ਸ਼ਾਮ ਤੱਕ ਹੀ ਮੁਲਾਜ਼ਮਾਂ ਦੀ ਹੜਤਾਲ ਬਾਰੇ ਪਤਾ ਲੱਗ ਗਿਆ ਸੀ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ, ਉਹ ਆਪਣੇ ਕੰਮ ਕਰਵਾਉਣ ਲਈ ਪਹੁੰਚੇ ਪਰ ਮੁਲਾਜ਼ਮਾਂ ਦੇ ਹੜਤਾਲ ’ਤੇ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਰਜਿਸਟਰੀ ਕਰਵਾਉਣ ਆਇਆ ਵਿਅਕਤੀ ਗਵਾਹ ਸਮੇਤ ਮੁੜਿਆ ਫਿਰੋਜ਼ਪੁਰ ਤੋਂ ਫਾਜ਼ਿਲਕਾ ਪਹੁੰਚੇ ਮੱਖਣ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਫਾਜ਼ਿਲਕਾ ਦੇ ਇੱਕ ਪਿੰਡ ਵਿੱਚ ਹੈ। ਉਹ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਆਪਣੇ ਨਾਲ ਇੱਕ ਗਵਾਹ ਲੈ ਕੇ ਆਇਆ ਸੀ, ਪਰ ਇੱਥੇ ਪਹੁੰਚਣ ’ਤੇ ਉਸ ਨੂੰ ਪਤਾ ਲੱਗਿਆ ਕਿ ਮੁਲਾਜ਼ਮ ਹੜਤਾਲ ’ਤੇ ਹਨ ਅਤੇ ਰਜਿਸਟਰੀ ਦਾ ਕੰਮ ਨਹੀਂ ਹੋ ਰਿਹਾ। ਇਸ ਕਾਰਨ ਉਸ ਨੂੰ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪੈ ਰਿਹਾ ਹੈ। ਇਸ ਤਰ੍ਹਾਂ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਹੜਤਾਲ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਰਾਣੀ ਪੈਨਸ਼ਨ ਤੇ ਡੀਏ ਜਾਰੀ ਕਰਨ ਦੀ ਮੰਗ ਦੂਜੇ ਪਾਸੇ, ਹੜਤਾਲ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਾਰਨ ਮੁਲਾਜ਼ਮਾਂ ਨੂੰ ਹੜਤਾਲ ਦਾ ਰਾਹ ਅਖ਼ਤਿਆਰ ਕਰਨਾ ਪਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਮਹਿੰਗਾਈ ਭੱਤਾ (ਡੀਏ) ਜਲਦੀ ਜਾਰੀ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੌਜੂਦਾ ਹੜਤਾਲ ਦੋ ਦਿਨਾਂ ਲਈ ਰੱਖੀ ਗਈ ਸੀ, ਪਰ ਇਸ ਨੂੰ ਖ਼ਤਮ ਕਰਨ ਸਬੰਧੀ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਵੀਰਵਾਰ ਸ਼ਾਮ ਨੂੰ ਯੂਨੀਅਨ ਦੀ ਸੂਬਾ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਹੜਤਾਲ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ। ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਕੋਈ ਸਕਾਰਾਤਮਕ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਹੜਤਾਲ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਰਜਿਸਟਰੀਆਂ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਪ੍ਰਭਾਵਿਤ ਹੋਣ ਨਾਲ ਕੰਮਾਂ ਦਾ ਬੋਝ ਵੀ ਵਧਣ ਦੀ ਸੰਭਾਵਨਾ ਹੈ। ਹੁਣ ਸਭ ਦੀਆਂ ਨਜ਼ਰਾਂ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਲਏ ਜਾਣ ਵਾਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ। ਬੌਕਸ ਸਰਕਾਰੀ ਕੰਮਕਾਜ ਤੇ ਬੱਸ ਸੇਵਾਵਾਂ ਪ੍ਰਭਾਵਿਤ, ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਅਤੇ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਜਾਰੀ ਰਹਿਣ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਹੜਤਾਲ ਕਾਰਨ ਦਫ਼ਤਰਾਂ ਵਿੱਚ ਫਾਈਲਾਂ ਦੀ ਪ੍ਰਕਿਰਿਆ ਰੁਕਣ ਦੇ ਨਾਲ-ਨਾਲ ਰਜਿਸਟਰੀਆਂ, ਲਾਇਸੈਂਸਾਂ ਅਤੇ ਸਰਟੀਫਿਕੇਟਾਂ ਨਾਲ ਸਬੰਧਤ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਉੱਧਰ, ਬੱਸ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਅਤੇ ਮਹਿੰਗਾਈ ਭੱਤਾ ਜਾਰੀ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਹੜਤਾਲ ਸਬੰਧੀ ਅਗਲਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ।