ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਉਪਰਾਲਿਆਂ ਦਾ ਲਿਆ ਜਾਇਜ਼ਾ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਡੀਸੀ ਨੇ ਕੀਤੀ ਸਮੀਖਿਆ ਮੀਟਿੰਗ
Publish Date: Wed, 23 Sep 2026 05:44 PM (IST)
Updated Date: Wed, 23 Sep 2026 05:48 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਝੋਨੇ ਦੇ ਸੀਜ਼ਨ 2026-27 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੁਲਿਸ ਅਧਿਕਾਰੀਆਂ, ਨੋਡਲ ਅਫ਼ਸਰਾਂ ਅਤੇ ਕਲੱਸਟਰ ਅਫ਼ਸਰਾਂ ਦੀਆਂ ਸਾਂਝੀਆਂ ਟੀਮਾਂ ਗਠਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹਰ 4-5 ਪਿੰਡਾਂ ’ਤੇ ਇੱਕ ਸੁਪਰਵਾਈਜ਼ਰੀ ਅਫ਼ਸਰ ਤਾਇਨਾਤ ਕੀਤਾ ਜਾਵੇਗਾ, ਜੋ ਆਪਣੇ ਖੇਤਰ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਗਤੀਵਿਧੀਆਂ ਦੀ ਨਿਗਰਾਨੀ ਕਰੇਗਾ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਕਿ ਪਰਾਲੀ ਦੇ ਸਟੋਰੇਜ ਲਈ ਉਪਲਬਧ ਪੰਚਾਇਤੀ ਜ਼ਮੀਨਾਂ ਦੀ ਪਿੰਡ-ਵਾਰ ਅਤੇ ਰਕਬੇ-ਵਾਰ ਵਿਸਥਾਰਪੂਰਵਕ ਰਿਪੋਰਟ ਤੁਰੰਤ ਤਿਆਰ ਕੀਤੀ ਜਾਵੇ, ਤਾਂ ਜੋ ਇਕੱਠੀ ਕੀਤੀ ਪਰਾਲੀ ਨੂੰ ਸੁਰੱਖਿਅਤ ਥਾਵਾਂ ’ਤੇ ਸਟੋਰ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਡਰੋਨ ਤਕਨਾਲੋਜੀ ਦੀ ਵਰਤੋਂ ਵੀ ਕੀਤੀ ਜਾਵੇਗੀ। ਇਸ ਰਾਹੀਂ ਸੰਵੇਦਨਸ਼ੀਲ ਇਲਾਕਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਮੋਨੀਟਰਿੰਗ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਗੁਆਂਢੀ ਰਾਜਾਂ ਤੋਂ ਝੋਨੇ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ 28 ਸਤੰਬਰ ਤੋਂ ਅੰਤਰ-ਰਾਜੀ ਸਰਹੱਦਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇ। ਉਨ੍ਹਾਂ ਸਮੂਹ ਐੱਸ.ਡੀ.ਐੱਮਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਉਪ-ਮੰਡਲਾਂ ਵਿੱਚ ਕਲੱਸਟਰ ਅਤੇ ਨੋਡਲ ਅਫ਼ਸਰਾਂ ਨਾਲ ਤੁਰੰਤ ਮੀਟਿੰਗਾਂ ਕਰਕੇ ਜ਼ਮੀਨੀ ਪੱਧਰ ’ਤੇ ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਕੁਲਵੰਤ ਸਿੰਘ, ਖੇਤੀਬਾੜੀ ਅਫ਼ਸਰ ਮਮਤਾ, ਬਲਾਕ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਪਰਮਿੰਦਰ ਸਿੰਘ ਧੰਜੂ, ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਵਿਜੇ ਸਿੰਘ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਪੁਲਿਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।