ਬਿਜਲੀ ਨਿੱਜੀਕਰਨ ਵਿਰੁੱਧ ਆਰ-ਪਾਰ ਦੀ ਜੰਗ, ਕਿਸਾਨ ਮਜ਼ਦੂਰ ਮੋਰਚਾ ਨੇ ਪੁੱਟੇ ਪ੍ਰੀ-ਪੇਡ ਮੀਟਰ
ਬਿਜਲੀ ਨਿੱਜੀਕਰਨ ਵਿਰੁੱਧ ਆਰ-ਪਾਰ ਦੀ ਜੰਗ,ਕਿਸਾਨ ਮਜ਼ਦੂਰ ਮੋਰਚਾ ਨੇ ਪਿੰਡਾਂ 'ਚੋਂ ਉਖਾੜੇ ਪ੍ਰੀਪੇਡ ਮੀਟਰ
Publish Date: Sun, 25 Jan 2026 04:47 PM (IST)
Updated Date: Sun, 25 Jan 2026 04:49 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਕੇਂਦਰ ਅਤੇ ਰਾਜ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਅਤੇ ਪ੍ਰੀਪੇਡ ਮੀਟਰਾਂ ਨੂੰ ਲਾਗੂ ਕਰਨ ਦੀ ਨੀਤੀ ਵਿਰੁੱਧ ਕਿਸਾਨ ਮਜ਼ਦੂਰ ਮੋਰਚਾ ਨੇ ਫੈਸਲਾਕੁੰਨ ਮੋਰਚਾ ਖੋਲ੍ਹ ਦਿੱਤਾ ਹੈ। ਉਖਾੜੋ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਉਪਭੋਗਤਾਵਾਂ ਨੇ ਆਪਣੇ ਘਰਾਂ ਦੇ ਬਾਹਰ ਲੱਗੇ ਪ੍ਰੀਪੇਡ ਮੀਟਰ ਉਖਾੜ ਦਿੱਤੇ ਅਤੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਦਿੱਤਾ। ਇਸ ਮੁਹਿੰਮ ਨੂੰ ਪੇਂਡੂ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਜ਼ੋਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਗੁਰਬਖਸ਼ ਸਿੰਘ ਅਤੇ ਆਗੂ ਬਲਦੇਵ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਜਨਤਾ ਨੂੰ ਗੁਮਰਾਹ ਕੀਤਾ ਕਿ ਇਹ ਮੀਟਰ ਪ੍ਰੀਪੇਡ ਨਹੀਂ ਹਨ। ਹੁਣ ਅਧਿਕਾਰਤ ਤੌਰ ਤੇ ਇਹ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਮੋਬਾਈਲ ਰੀਚਾਰਜ ਦੀ ਤਰਜ਼ ਤੇ ਪੈਸੇ ਖਤਮ ਹੁੰਦੇ ਹੀ ਬਿਜਲੀ ਗੁੱਲ ਹੋ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਰਾਸ ਸਬਸਿਡੀ ਖਤਮ ਕਰਕੇ ਆਮ ਜਨਤਾ ਨੂੰ ਮਹਿੰਗੀ ਬਿਜਲੀ ਵੇਚਣ ਦੀ ਸਾਜ਼ਿਸ਼ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਬਿਜਲੀ ਮੀਟਰ ਤੋਂ ਕੋਈ ਸਮੱਸਿਆ ਨਹੀਂ ਹੈ, ਪਰ ਉਹ ਸਿਰਫ਼ ਪੁਰਾਣੇ ਰਵਾਇਤੀ ਮਕੈਨੀਕਲ ਮੀਟਰ ਹੀ ਲਗਵਾਉਣਾ ਚਾਹੁੰਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਕਿਸੇ ਵੀ ਉਪਭੋਗਤਾ ਤੇ ਜੁਰਮਾਨਾ ਲਗਾਇਆ ਜਾਂ ਜ਼ਬਰਦਸਤੀ ਪ੍ਰੀਪੇਡ ਮੀਟਰ ਥੋਪਣ ਦੀ ਕੋਸ਼ਿਸ਼ ਕੀਤੀ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।