ਕ੍ਰਾਈਮ ਅਲਰਟ: ਫਾਜ਼ਿਲਕਾ 'ਚ ਹਥਿਆਰਾਂ ਤੇ ਹੈਰੋਇਨ ਸਮੇਤ 6 ਮੁਲਜ਼ਮ ਗ੍ਰਿਫ਼ਤਾਰ, ਢਾਈ ਲੱਖ ਦੀ ਡਰੱਗ ਮਨੀ ਬਰਾਮਦ ਫਾਜ਼ਿਲਕਾ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇੱਕ ਜੁਵੇਨਾਈਲ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 760 ਗ੍ਰਾਮ ਹੈਰੋਇਨ, 3 ਨਾਜਾਇਜ਼ ਪਿਸਟਲ, 6 ਮੈਗਜ਼ੀਨ, 4 ਜ਼ਿੰਦਾ ਰੌਂਦ, ਇੱਕ ਖੋਲ, 2 ਕਾਪੇ ਅਤੇ 2.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
Publish Date: Sun, 19 Jul 2026 03:36 PM (IST)
Updated Date: Sun, 19 Jul 2026 03:37 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇੱਕ ਜੁਵੇਨਾਈਲ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 760 ਗ੍ਰਾਮ ਹੈਰੋਇਨ, 3 ਨਾਜਾਇਜ਼ ਪਿਸਟਲ, 6 ਮੈਗਜ਼ੀਨ, 4 ਜ਼ਿੰਦਾ ਰੌਂਦ, ਇੱਕ ਖੋਲ, 2 ਕਾਪੇ ਅਤੇ 2.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 17 ਜੁਲਾਈ ਨੂੰ ਇੰਸਪੈਕਟਰ ਸਚਿਨ ਕੰਬੋਜ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਭਰੋਸੇਯੋਗ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਕੁਝ ਨੌਜਵਾਨ ਟਿਵਾਣਾ ਕਲਾਂ ਨੇੜੇ ਇੱਕ ਬੰਦ ਪਏ ਸ਼ੈਲਰ ਵਿੱਚ ਹਥਿਆਰਾਂ ਸਮੇਤ ਕਿਸੇ ਲੁੱਟ-ਖੋਹ ਦੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ।
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਰੇਡ ਕਰਕੇ ਅਮਨ ਕੁਮਾਰ ਉਰਫ਼ ਅਮਨਾ, ਬੂੜ ਸਿੰਘ, ਅਰਸ਼ਦੀਪ ਸਿੰਘ ਉਰਫ਼ ਸਿੰਘਾ, ਕਰਨ, ਇੱਕ ਜੁਵੇਨਾਈਲ ਅਤੇ ਬਾਅਦ ਵਿੱਚ ਨਾਮਜ਼ਦ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਸਾਜਨ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਇਸ ਸਮੇਂ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ।
ਪੁਲਿਸ ਨੇ ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿੱਚ ਮੁਕੱਦਮਾ ਨੰਬਰ 125 ਮਿਤੀ 17 ਜੁਲਾਈ 2026 ਅਧੀਨ ਬੀਐਨਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਅਮਨ ਕੁਮਾਰ ਖ਼ਿਲਾਫ਼ ਪਹਿਲਾਂ ਵੀ 6 ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਸਾਜਨ ਸਿੰਘ ਉਰਫ਼ ਸਾਜੀ ਖ਼ਿਲਾਫ਼ ਲੁੱਟ-ਖੋਹ, ਡਕੈਤੀ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਤਹਿਤ 7 ਕੇਸ ਪਹਿਲਾਂ ਤੋਂ ਦਰਜ ਹਨ।ਪੁਲਿਸ ਵੱਲੋਂ ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਅਪਰਾਧਿਕ ਗਿਰੋਹ ਨਾਲ ਜੁੜੇ ਹੋਏ ਸਨ।