ਨਰੇਗਾ ਤੇ ਮਕਾਨਾਂ ਦੀਆਂ ਗਰਾਂਟਾਂ ’ਚ ਘਪਲੇਬਾਜ਼ੀ, ਸੀਪੀਆਈ ਨੇ ਫੂਕਿਆ ਡੀਸੀ ਦਾ ਪੁਤਲਾ ਨਰੇਗਾ ਅਤੇ ਮਕਾਨਾਂ ਦੀਆਂ ਗਰਾਂਟਾਂ ਵਿੱਚ ਘਪਲੇਬਾਜ਼ੀ ਖ਼ਿਲਾਫ਼ ਸੀਪੀਆਈ ਨੇ ਫੂਕਿਆ ਡੀਸੀ ਦਾ ਪੁਤਲਾ
Publish Date: Tue, 17 Nov 2026 04:09 PM (IST)
Updated Date: Tue, 17 Nov 2026 04:12 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਵਿੱਚ ਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਦਿੱਤੇ ਜਾਣ ਵਾਲੇ ਕੰਮ ਵਿੱਚ ਕਥਿਤ ਘਪਲੇਬਾਜ਼ੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾਉਣ ਲਈ ਆਈਆਂ ਗਰਾਂਟਾਂ ਵਿੱਚ ਬੇਨਿਯਮੀਆਂ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਦੀ ਵੰਡ ਤੇ ਵਰਤੋਂ ਵਿੱਚ ਕਥਿਤ ਧਾਂਦਲੀਆਂ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਤੇ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਸੀਪੀਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਕਾਮਰੇਡ ਹੰਸ ਰਾਜ ਗੋਲਡਨ, ਸੂਬਾ ਕੌਂਸਲ ਮੈਂਬਰ ਕਾਮਰੇਡ ਪਰਮਜੀਤ ,ਸ਼ੁਬੇਗ ਝੰਗੜਭੈਣੀ ਅਤੇ ਜੰਮੂ ਰਾਮ ਬਨਵਾਲਾ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਾਮਰੇਡ ਪਰਮਜੀਤ ਢਾਬਾਂ ਨੇ ਦੋਸ਼ ਲਾਇਆ ਕਿ ਨਰੇਗਾ ਕਾਨੂੰਨ ਤਹਿਤ ਸਾਲ 2024-25 ਦੌਰਾਨ ਜ਼ਿਲ੍ਹਾ ਫਾਜ਼ਿਲਕਾ ਵਿੱਚ ਕਰੀਬ 1300 ਕਰੋੜ ਰੁਪਏ ਦਾ ਬਜਟ ਆਇਆ ਸੀ, ਪਰ ਇਸ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਨਰੇਗਾ ਤਹਿਤ ਫੌਤ ਹੋ ਚੁੱਕੇ ਵਿਅਕਤੀਆਂ ਦੀਆਂ ਵੀ ਹਾਜ਼ਰੀਆਂ ਲਗਾ ਕੇ ਸਰਕਾਰੀ ਪੈਸੇ ਕਢਵਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚ ਕਥਿਤ ਤੌਰ ਤੇ ਜਾਅਲੀ ਹਾਜ਼ਰੀਆਂ ਲਗਾ ਕੇ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਕੀਤੀਆਂ ਗਈਆਂ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਇਸ ਸਾਰੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਯੋਗ ਲਾਭਪਾਤਰੀਆਂ ਦੇ ਹੱਕਾਂ ਨਾਲ ਖਿਲਵਾੜ ਕੀਤਾ ਗਿਆ ਹੈ। ਆਗੂਆਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਆਈਆਂ ਗਰਾਂਟਾਂ ਵਿੱਚ ਵੀ ਵੱਡੇ ਪੱਧਰ ਤੇ ਕਥਿਤ ਘਪਲੇ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਗਰਾਂਟਾਂ ਦੇਣ ਦੀ ਬਜਾਏ ਕਾਗਜ਼ਾਂ ਵਿੱਚ ਹੀ ਮਕਾਨ ਬਣੇ ਹੋਏ ਦਿਖਾ ਦਿੱਤੇ ਗਏ ਹਨ, ਜਦਕਿ ਅਸਲ ਵਿੱਚ ਮੌਕੇ ਤੇ ਮਕਾਨ ਮੌਜੂਦ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਕਥਿਤ ਘਪਲੇ ਵਿੱਚ ਸ਼ਾਮਲ ਲੋਕਾਂ ਦੀ ਜ਼ਿੰਮੇਵਾਰੀ ਤੈਅ ਹੋ ਸਕੇ। ਸੀਪੀਆਈ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਇਨ੍ਹਾਂ ਮਾਮਲਿਆਂ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਨਾ ਕਰਵਾਈ ਗਈ ਤਾਂ ਪਾਰਟੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਈਆਂ ਗਰਾਂਟਾਂ ਦੀ ਵੰਡ ਅਤੇ ਵਰਤੋਂ ਦੀ ਜਾਂਚ ਲਈ ਮਾਮਲਾ ਸੀਬੀਆਈ ਤੱਕ ਪਹੁੰਚਾਇਆ ਜਾਵੇਗਾ। ਆਗੂਆਂ ਨੇ ਪੰਜਾਬ ਦੇ ਰਾਜਪਾਲ ਅਤੇ ਸਬੰਧਤ ਜਾਂਚ ਏਜੰਸੀਆਂ ਤੋਂ ਮੰਗ ਕੀਤੀ ਕਿ ਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੋਏ ਕੰਮਾਂ ਅਤੇ ਗਰਾਂਟਾਂ ਦੀ ਵਰਤੋਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਤਾਂ ਜੋ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਵੇ ਅਤੇ ਯੋਗ ਲਾਭਪਾਤਰੀਆਂ ਨੂੰ ਇਨਸਾਫ਼ ਮਿਲ ਸਕੇ।ਇਸ ਮੌਕੇ ਸੀਪੀਆਈ ਦੇ ਸੂਬਾ ਕੌਂਸਲ ਮੈਂਬਰ ਸ਼ੁਬੇਗ ਝੰਗੜਭੈਣੀ, ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ, ਜ਼ਿਲ੍ਹਾ ਕੌਂਸਲ ਮੈਂਬਰ ਕੁਲਦੀਪ ਬੱਖੂਸ਼ਾਹ, ਬਲਵੀਰ ਕਾਠਗੜ੍ਹ, ਸੋਨਾ ਧੁੰਨਕੀਆਂ, ਕ੍ਰਿਸ਼ਨ ਧਰਮੂ ਵਾਲਾ, ਹਰਚਰਨ ਪਾਲੀ ਵਾਲਾ, ਤੇਜਾ ਅਮੀਰ ਖਾਸ, ਜੰਮੂ ਰਾਮ ਬਨਵਾਲਾ, ਰਾਜਵਿੰਦਰ ਨਿਓਲਾ, ਅਸ਼ੋਕ ਢਾਬਾਂ, ਪੰਮਾ ਥਾਰੇਵਾਲਾ, ਹੁਸ਼ਿਆਰ ਸਿੰਘ ਅਤੇ ਬਲਵਿੰਦਰ ਘੁਬਾਇਆ ਸਮੇਤ ਹੋਰ ਪਾਰਟੀ ਵਰਕਰ ਹਾਜ਼ਰ ਸਨ।