ਉਸਾਰੀ ਕਿਰਤੀ ਲਾਭਪਾਤਰੀਆਂ ਵੱਲੋਂ ਏਟਕ ਦੀ ਅਗਵਾਈ ’ਚ ਲੇਬਰ ਦਫ਼ਤਰ ਅੱਗੇ ਧਰਨਾ ਉਸਾਰੀ ਕਿਰਤੀ ਲਾਭਪਾਤਰੀਆਂ ਵੱਲੋਂ ਏਟਕ ਦੀ ਅਗਵਾਈ ’ਚ ਲੇਬਰ ਦਫ਼ਤਰ ਅੱਗੇ ਧਰਨਾ
Publish Date: Tue, 15 Sep 2026 03:53 PM (IST)
Updated Date: Tue, 15 Sep 2026 03:56 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਬਾਦ : ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਲੇਬਰ ਇੰਸਪੈਕਟਰ ਦਫ਼ਤਰ ਜਲਾਲਾਬਾਦ ਦੇ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਯੂਨੀਅਨ ਦੇ ਬਲਾਕ ਪ੍ਰਧਾਨ ਹਰਚਰਨ ਪਾਲੀ ਵਾਲਾ, ਜ਼ਿਲ੍ਹਾ ਸਕੱਤਰ ਸੋਨਾ ਸਿੰਘ ਧੁੰਨਕੀਆਂ, ਬਲਵੀਰ ਕਾਠਗੜ੍ਹ ਅਤੇ ਧਰਮਿੰਦਰ ਮੁਰਕਵਾਲਾ ਨੇ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਲੋਕ ਪੱਖੀ ਕਾਨੂੰਨ ਬਣਵਾਉਣ ਲਈ ਕਮਿਊਨਿਸਟ ਧਿਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਕਾਨੂੰਨਾਂ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਵਾਉਣ ਲਈ ਵੀ ਕਮਿਊਨਿਸਟ ਧਿਰਾਂ ਨੂੰ ਅਗਵਾਈ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਦੀਆਂ ਮੰਗਾਂ ਜਾਇਜ਼ ਹਨ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਏਟਕ ਦੀ ਸੂਬਾਈ ਮੀਤ ਪ੍ਰਧਾਨ ਸਰੋਜ ਛੱਪੜੀ ਵਾਲਾ ਨੇ ਕਿਹਾ ਕਿ ਏਟਕ ਦੀ ਅਗਵਾਈ ਵਿੱਚ ਲੜੇ ਗਏ ਸੰਘਰਸ਼ਾਂ ਨੇ ਹਮੇਸ਼ਾ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਉਸਾਰੀ ਕਿਰਤੀਆਂ ਨੂੰ ਜਾਗਰੂਕ ਕਰਨ ਲਈ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਕੰਮ ਸ਼ਲਾਘਾਯੋਗ ਹੈ। ਯੂਨੀਅਨ ਦੇ ਸੂਬਾਈ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਸਕੱਤਰ ਸੋਨਾ ਸਿੰਘ ਧੁੰਨਕੀਆਂ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਕਿਰਤੀਆਂ ਦੀ ਖੱਜਲ-ਖੁਆਰੀ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਥਾਨਕ ਕਿਰਤ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਇਸ ਕਾਰਨ ਕਈ ਕਿਰਤੀਆਂ ਨੂੰ ਮਜਬੂਰੀਵੱਸ ਬਾਹਰੋਂ ਪੈਸੇ ਦੇ ਕੇ ਕੰਮ ਕਰਵਾਉਣਾ ਪੈਂਦਾ ਹੈ। ਇਹ ਰੱਖੀਆਂ ਮੰਗਾਂ ਆਗੂਆਂ ਨੇ ਮੰਗ ਕੀਤੀ ਕਿ ਕਾਨੂੰਨ ਅਨੁਸਾਰ 14 ਦਿਨਾਂ ਵਿੱਚ ਉਸਾਰੀ ਕਿਰਤੀ ਦੀ ਕਾਪੀ ਨਵੀਂ ਅਤੇ ਰੀਨਿਊ ਕੀਤੀ ਜਾਵੇ। ਫਾਰਮ ਨੰਬਰ 27 ਨੂੰ ਆਟੋ-ਅਪਡੇਟ ਕੀਤਾ ਜਾਵੇ ਅਤੇ ਵਾਰ-ਵਾਰ ਗੈਰਵਾਜਬ ਇਤਰਾਜ਼ ਨਾ ਲਗਾਏ ਜਾਣ। ਵਜ਼ੀਫ਼ੇ ਅਤੇ ਹੋਰ ਸਕੀਮਾਂ ਦੇ ਕੇਸ ਕਾਨੂੰਨ ਅਨੁਸਾਰ 60 ਦਿਨਾਂ ਵਿੱਚ ਪਾਸ ਕੀਤੇ ਜਾਣ। ਇਸ ਤੋਂ ਇਲਾਵਾ ਬੈਂਕ ਖਾਤੇ ਵਿੱਚ ਦਰੁਸਤੀ ਲੇਬਰ ਇੰਸਪੈਕਟਰ ਜਾਂ ਏਐਲਸੀ ਪੱਧਰ ਤੱਕ ਹੀ ਕਰਨ, ਲੰਬਿਤ ਜਨਰਲ ਸਰਜਰੀ ਦੇ ਕੇਸਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਗਰੇਸ ਪੀਰੀਅਡ ਦੌਰਾਨ ਕਿਰਤੀ ਦੀ ਮੌਤ ਨਾਲ ਸਬੰਧਤ ਐਕਸਗ੍ਰੇਸ਼ੀਆ ਕੇਸਾਂ ਵਿੱਚ ਕਿਰਤੀ ਦੀ ਕਾਪੀ ਬਣਨ ਸਮੇਂ ਵਾਲਾ ਫਾਰਮ ਨੰਬਰ 27 ਪ੍ਰਵਾਨ ਕਰਨ ਦੀ ਮੰਗ ਕੀਤੀ ਗਈ। ਧਰਨੇ ਦੌਰਾਨ ਏਐਲਸੀ ਦੇ ਕਲਰਕ ਵੱਲੋਂ ਲਿਖਤੀ ਪੱਤਰ ਦਿੱਤਾ ਗਿਆ, ਜਦਕਿ ਲੇਬਰ ਇੰਸਪੈਕਟਰ ਵੱਲੋਂ ਮੰਗਾਂ ’ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਤੋਂ ਬਾਅਦ ਯੂਨੀਅਨ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਕਾਠਗੜ੍ਹ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਬਲਾਕ ਜਲਾਲਾਬਾਦ ਦੇ ਪ੍ਰਧਾਨ ਅਸ਼ੋਕ ਢਾਬਾਂ, ਏਆਈਐਸਐਫ ਗਰਲਜ਼ ਕਾਲਜ ਦੀ ਆਗੂ ਅਜ਼ੀਜ਼ ਕੌਰ ਅਤੇ ਨੀਲਮ ਰਾਣੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।