ਜਲਾਲਾਬਾਦ 'ਚ ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ: 3 ਪਿਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਸਣੇ 6 ਮੁਲਜ਼ਮ ਗ੍ਰਿਫ਼ਤਾਰ
ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇੱਕ ਵੱਡੀ ਅਪਰਾਧਿਕ ਵਾਰਦਾਤ ਦੀ ਸਾਜ਼ਿਸ਼ ਨੂੰ ਸਮਾਂ ਰਹਿੰਦੇ ਨਾਕਾਮ ਕਰਦਿਆਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਗ਼ੈਰ-ਕਾਨੂੰਨੀ ਪਿਸਤੌਲਾਂ, ਛੇ ਮੈਗਜ਼ੀਨ, ਚਾਰ ਜ਼ਿੰਦਾ ਕਾਰਤੂਸ, ਇੱਕ ਖੋਲ ਅਤੇ ਦੋ ਕਾਪੇ (ਤੇਜ਼ਧਾਰ ਹਥਿਆਰ) ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਅਜੇ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Publish Date: Sat, 18 Jul 2026 11:06 AM (IST)
Updated Date: Sat, 18 Jul 2026 11:09 AM (IST)
ਸੰਵਾਦ ਸੂਤਰ, ਜਾਗਰਣ, ਜਲਾਲਾਬਾਦ। ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇੱਕ ਵੱਡੀ ਅਪਰਾਧਿਕ ਵਾਰਦਾਤ ਦੀ ਸਾਜ਼ਿਸ਼ ਨੂੰ ਸਮਾਂ ਰਹਿੰਦੇ ਨਾਕਾਮ ਕਰਦਿਆਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਗ਼ੈਰ-ਕਾਨੂੰਨੀ ਪਿਸਤੌਲਾਂ, ਛੇ ਮੈਗਜ਼ੀਨ, ਚਾਰ ਜ਼ਿੰਦਾ ਕਾਰਤੂਸ, ਇੱਕ ਖੋਲ ਅਤੇ ਦੋ ਕਾਪੇ (ਤੇਜ਼ਧਾਰ ਹਥਿਆਰ) ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਅਜੇ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਪਿੰਡ ਮਟਵਾਨਾ ਕਲਾਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕੁਝ ਨੌਜਵਾਨ ਪਿੰਡ ਮੁਹੰਮਦੇ ਵਾਲਾ ਸਥਿਤ ਇੱਕ ਬੰਦ ਪਏ ਸ਼ੈਲਰ ਦੇ ਗਰਾਊਂਡ ਵਿੱਚ ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਇਕੱਠੇ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ।
ਸੂਚਨਾ ਮਿਲਦਿਆਂ ਹੀ ਪੁਲਿਸ ਨੇ ਬਿਨਾਂ ਦੇਰੀ ਕੀਤੇ ਮੌਕੇ 'ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਅਮਨ ਕੁਮਾਰ ਉਰਫ਼ ਅਮਨਾ, ਵਰਿੰਦਰ ਸਿੰਘ, ਬੂੜ ਸਿੰਘ, ਅਰਸ਼ਦੀਪ ਸਿੰਘ ਉਰਫ਼ ਸਿੰਘਾ, ਕਰਨ ਅਤੇ ਪਰਮਜੀਤ ਸਿੰਘ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ, ਜਦੋਂ ਕਿ ਸਾਜਨ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਪਿਸਤੌਲਾਂ, ਛੇ ਮੈਗਜ਼ੀਨ, ਚਾਰ ਜ਼ਿੰਦਾ ਰੌਂਦ (ਕਾਰਤੂਸ), ਇੱਕ ਖਾਲੀ ਖੋਲ ਅਤੇ ਦੋ ਕਾਪੇ ਬਰਾਮਦ ਹੋਏ। ਬਰਾਮਦ ਕੀਤੇ ਹਥਿਆਰਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਸਨ, ਇਨ੍ਹਾਂ ਦੀ ਵਰਤੋਂ ਕਿਸ ਵਾਰਦਾਤ ਵਿੱਚ ਕੀਤੀ ਜਾਣੀ ਸੀ ਅਤੇ ਇਨ੍ਹਾਂ ਨਾਲ ਕੋਈ ਹੋਰ ਵਿਅਕਤੀ ਵੀ ਜੁੜਿਆ ਹੋਇਆ ਹੈ ਜਾਂ ਨਹੀਂ। ਫ਼ਰਾਰ ਮੁਲਜ਼ਮ ਦੀ ਭਾਲ ਵਿੱਚ ਉਸ ਦੇ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।