ਸਹਿ-ਵਿੱਦਿਅਕ ਮੁਕਾਬਲਿਆਂ ’ਚ ਵਿਦਿਆਰਥੀਆਂ ਦਿਖਾਈ ਪ੍ਰਤਿਭਾ ਸੁਲਤਾਨਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਹਿ-ਵਿੱਦਿਅਕ ਮੁਕਾਬਲੇ ਕਰਵਾਏ, ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
Publish Date: Fri, 20 Nov 2026 03:52 PM (IST)
Updated Date: Sat, 21 Nov 2026 04:01 AM (IST)
ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਜੇਤੂਆਂ ਨੂੰ ਮੈਡਲ ਤੇ ਇਨਾਮ ਦੇ ਕੇ ਕੀਤਾ ਸਨਮਾਨਿਤ ਰਮਨ ਕੁਮਾਰ. ਪੰਜਾਬੀ ਜਾਗਰਣ, ਫਾਜ਼ਿਲਕਾ: ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਹਿ-ਵਿੱਦਿਅਕ ਮੁਕਾਬਲਿਆਂ ਦੀ ਲੜੀ ਤਹਿਤ ਸੈਂਟਰ ਨੰਬਰ ਦੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਸੈਂਟਰ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਕਲੱਸਟਰ ਨੰਬਰ ਦੋ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ, ਭਾਸ਼ਾਈ ਯੋਗਤਾ, ਗਿਆਨ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਹਿਲੇ ਵਰਗ ਅਤੇ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੂਜੇ ਵਰਗ ਵਿੱਚ ਸ਼ਾਮਲ ਕੀਤਾ ਗਿਆ। ਮੁਕਾਬਲਿਆਂ ਤਹਿਤ ਸੁੰਦਰ ਲਿਖਾਈ, ਬਾਲ ਗੀਤ, ਬੋਲ ਲਿਖਤ, ਪੜ੍ਹਨ ਮੁਕਾਬਲੇ, ਚਿੱਤਰਕਲਾ, ਪਹਾੜੇ ਸੁਣਾਉਣ, ਜ਼ੁਬਾਨੀ ਰੀਡਿੰਗ, ਵੇਸਟ ਮਟੀਰੀਅਲ ਤੋਂ ਸਾਮਾਨ ਬਣਾਉਣ, ਭਾਸ਼ਣ ਅਤੇ ਤਸਵੀਰਾਂ ਨਾਲ ਸਬੰਧਤ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਵਿਖੇ ਅਧਿਆਪਕਾਂ ਦੇ ਲਿਖਾਈ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਅਧਿਆਪਕਾਂ ਨੇ ਵੀ ਭਾਗ ਲਿਆ। ਤੀਜੀ ਤੋਂ 5ਵੀਂ ਜਮਾਤ ਦੇ ਦੂਜੇ ਵਰਗ ਦੇ ਨਤੀਜਿਆਂ ਅਨੁਸਾਰ ਸੁੰਦਰ ਲਿਖਾਈ ਮੁਕਾਬਲੇ ਵਿੱਚ ਮੁਸਕਾਨ ਨੇ ਪਹਿਲਾ ਅਤੇ ਕੰਚਨ ਨੇ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇੱਕ ਅਤੇ ਵਾਰਡ ਨੰਬਰ 15 ਹਨ। ਹਿੰਦੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਸੰਦੀਪ ਨੇ ਪਹਿਲਾ ਅਤੇ ਕਾਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੇ ਸਕੂਲ ਵੀ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇੱਕ ਅਤੇ ਵਾਰਡ ਨੰਬਰ 15 ਹਨ। ਕਹਾਣੀ ਸੁਣਾਉਣ ਦੇ ਮੁਕਾਬਲੇ ਵਿੱਚ ਮੁਹੰਮਦ ਅਮੀਰ ਸਕੂਲ ਦੇ ਗੁਰਨੂਰ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇੱਕ ਦੀ ਐਂਜਲ ਨੇ ਦੂਜਾ ਸਥਾਨ ਹਾਸਲ ਕੀਤਾ। ਚਿੱਤਰਕਲਾ ਮੁਕਾਬਲੇ ਵਿੱਚ ਸੁਲਤਾਨਪੁਰਾ ਦੀ ਸੰਧਿਆ ਨੇ ਪਹਿਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਇੱਕ ਦੀ ਅਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਮ ਗਿਆਨ ਮੁਕਾਬਲੇ ਵਿੱਚ ਵੰਸ਼ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਆਲਮਸ਼ਾਹ ਦੇ ਹਿਤਲਿਨ, ਹਰਿਸ ਅਤੇ ਕਾਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਸਕੂਲ ਨੰਬਰ ਇੱਕ ਦੀ ਕਨੂਪ੍ਰਿਆ ਨੇ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬੀ ਭਾਸ਼ਾ ਮੁਕਾਬਲੇ ਵਿੱਚ ਮੁਹੰਮਦ ਅਮੀਰ ਸੁਲਤਾਨਪੁਰਾ ਦੀਆਂ ਸਿਮਰਨ ਕੌਰ ਅਤੇ ਸੁਖਮਨੀ ਨੇ ਭਾਗ ਲਿਆ। ਪਹਾੜੇ ਸੁਣਾਉਣ ਦੇ ਮੁਕਾਬਲੇ ਵਿੱਚ ਮੁਹੰਮਦ ਅਮੀਰ ਸਕੂਲ ਦੇ ਵੰਸ਼ ਨੇ ਪਹਿਲਾ ਅਤੇ ਬਖੂਸ਼ਾਹ ਦੀ ਹਰਮੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਿਕਚਰ ਕੰਪ੍ਰੀਹੈਂਸ਼ਨ ਮੁਕਾਬਲੇ ਵਿੱਚ ਮੁਹੰਮਦ ਅਮੀਰ ਸਕੂਲ ਦੀ ਸੀਰਤ ਨੇ ਪਹਿਲਾ ਅਤੇ ਸਿਟੀ ਸਕੂਲ ਦੀ ਕਾਜਲ ਨੇ ਦੂਜਾ ਸਥਾਨ ਹਾਸਲ ਕੀਤਾ। ਬੈਸਟ ਆਊਟ ਆਫ ਵੇਸਟ ਮੁਕਾਬਲੇ ਵਿੱਚ ਸੁਲਤਾਨਪੁਰਾ ਦੀ ਰਾਧਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਮੁਹੰਮਦ ਅਮੀਰ ਸਕੂਲ ਦੀ ਮੰਨਤ ਅਤੇ ਸਕੂਲ ਨੰਬਰ ਦੋ ਦੀ ਗੁਰਨੂਰ ਨੇ ਦੂਜਾ ਸਥਾਨ ਹਾਸਲ ਕੀਤਾ। ਅਧਿਆਪਕਾਂ ਦੇ ਮੁਕਾਬਲਿਆਂ ਵਿੱਚ ਪੰਜਾਬੀ ਵਿਸ਼ੇ ਲਈ ਵਾਰਡ ਨੰਬਰ 15 ਦੀ ਸੀਮਾ ਕੌਰ, ਹਿੰਦੀ ਵਿਸ਼ੇ ਲਈ ਸਕੂਲ ਨੰਬਰ ਇੱਕ ਦੀ ਗਿਫਟੀ ਬਜਾਜ ਅਤੇ ਅੰਗਰੇਜ਼ੀ ਵਿਸ਼ੇ ਲਈ ਬਸਤੀ ਹਜੂਰ ਸਿੰਘ ਦੀ ਨਵਜੋਤੀ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਮੋਦ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੈਂਟਰ ਹੈੱਡ ਟੀਚਰ ਮੈਡਮ ਨੀਲਮ ਬਜਾਜ ਸ਼ਾਮਲ ਹੋਏ। ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨਪੁਰਾ ਦੀ ਹੈੱਡ ਟੀਚਰ ਮੈਡਮ ਸ਼ਾਲੂ ਗਰੋਵਰ ਅਤੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਦੀ ਦੇਖ-ਰੇਖ ਹੇਠ ਸਕੂਲ ਸਟਾਫ਼ ਦੀਆਂ ਮੋਨਿਕਾ ਮੋਂਗਾ, ਮੋਨਿਕਾ ਗੁੰਬਰ, ਨਵਜੀਤ ਕੌਰ, ਸ਼ੈਫੀ, ਮਮਤਾ ਅਤੇ ਸ਼ੁਭਮ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਮੁਕਾਬਲਿਆਂ ’ਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਸਹਿ-ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਯੋਗਤਾਵਾਂ ਨੂੰ ਨਿਖਾਰਨ ਦਾ ਅਹਿਮ ਮਾਧਿਅਮ ਹਨ। ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ, ਮੁਕਾਬਲੇ ਦੀ ਭਾਵਨਾ ਅਤੇ ਸਿੱਖਣ ਦੀ ਰੁਚੀ ਵਧਦੀ ਹੈ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਹੈ।