ਗਰਭਵਤੀਆਂ ਸਮੇਂ ਸਿਰ ਜਾਂਚ ਨਾਲ ਗੰਭੀਰ ਸਿੱਟਿਆਂ ਤੋਂ ਬਚ ਸਕਦੀਆਂ : ਡਾ. ਕਵਿਤਾ ਸਿੰਘ
ਵੱਖ-ਵੱਖ ਸਿਹਤ ਕੇਂਦਰਾਂ ਤੇ ਲਗਾਏ ਗਏ ਟੀਕਾਕਰਨ ਕੈਂਪਾਂ ਦਾ ਸਿਵਲ ਸਰਜਨ ਨੇ ਨਿਰੀਖਣ ਕੀਤਾ
Publish Date: Wed, 01 Apr 2026 04:27 PM (IST)
Updated Date: Wed, 01 Apr 2026 04:31 PM (IST)

ਕਪਿਲ ਚੁੱਘ .ਪੰਜਾਬੀ ਜਾਗਰਣ ਫ਼ਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸਿਹਤ ਕੇਂਦਰਾਂ ਤੇ ਆਂਗਣਵਾੜੀ ਕੇਂਦਰਾਂ ਵਿਖੇ ਮਮਤਾ ਦਿਵਸ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪ ਲਗਾਏ ਗਏ। ਡਾ. ਕਵਿਤਾ ਸਿੰਘ ਤੇ ਡਾ. ਰਿੰਕੂ ਚਾਵਲਾ ਵੱਲੋਂ ਸ਼ਤੀਰ ਵਾਲ਼ਾ, ਖਿਓ ਵਾਲੀ ਢਾਬ, ਜੰਡਵਾਲਾ ਮੀਰਾ ਸਾਂਗਲਾ ਆਦਿ ਪਿੰਡਾਂ ਵਿਖੇ ਲਗਾਏ ਗਏ ਟੀਕਾਕਰਨ ਕੈਂਪਾਂ ਦਾ ਦੌਰਾ ਕੀਤਾ ਗਿਆ। ਡਾ. ਕਵਿਤਾ ਸਿੰਘ ਵੱਲੋਂ ਇਹਨਾਂ ਕੈਂਪਾਂ ਵਿੱਚ ਜਾਗਰੂਕ ਕਰਦਿਆਂ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ। ਜੇਕਰ ਗਰਭਵਤੀ ਔਰਤਾਂ ਸਮੇਂ ਸਿਰ ਆਪਣੀ ਜਾਂਚ ਕਰਵਾਉਣ ਤਾਂ ਗੰਭੀਰ ਸਿੱਟਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਟੀਕਾਕਰਨ ਕੈਂਪ ਮਮਤਾ ਦਿਵਸ ਦੇ ਮੌਕੇ ’ਤੇ ਹਰ ਬੁੱਧਵਾਰ ਨੂੰ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਾਂਚ ਦੇ ਨਾਲ-ਨਾਲ ਜਰੂਰੀ ਟੈਸਟ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਆਮ ਤੌਰ ਤੇ ਗਰਭਾਵਸਥਾ ਦੌਰਾਨ ਔਰਤਾਂ ਵਿੱਚ ਖੂਨ ਦੀ ਕਮੀ ਅਤੇ ਬੀ.ਪੀ ਵੱਧਣ ਦੇ ਲੱਛਣ ਪਾਏ ਜਾਂਦੇ ਹਨ। ਜਿਸ ਦਾ ਇਲਾਜ ਹੈ ਕਿ ਪੌਸ਼ਟਿਕ ਆਹਾਰ ਅਤੇ ਸਰਕਾਰੀ ਹਸਪਤਾਲਾਂ ਵਿੱਚੋਂ ਮਿਲਦੀਆ ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀਆਂ ਲਈਆਂ ਜਾਣ ਅਤੇ ਆਪਣੀ ਰੋਜਾਨਾ ਦੀ ਖੁਰਾਕ ਵਿੱਚ ਹਰੀਆ ਸਬਜ਼ੀਆ, ਦਾਲਾਂ ਅਤੇ ਦੁੱਧ ਦਾ ਸੇਵਨ ਜਰੂਰ ਕਰਨ ਅਤੇ ਸਫਾਈ ਦਾ ਧਿਆਨ ਰੱਖਣ ਅਤੇ ਮਾਨਸਿਕ ਤੌਰ ਤੇ ਖੁਸ਼ ਰਹਿਣ ਦੇ ਯਤਨ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਬੱਚਿਆਂ ਦਾ ਸਮੇਂ ਸਮੇਂ ਤੇ ਉਚਿਤ ਟੀਕਾਕਰਨ ਕਰਵਾ ਕੇ 12 ਮਾਰੂ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਵ ਜਨਮੇਂ ਬੱਚੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ, ਗਲ਼-ਘੋਟੂ, ਕਾਲ਼ੀ ਖਾਂਸੀ, ਟੈਟਨਸ, ਦਿਮਾਗੀ ਬੁਖਾਰ, ਪੀਲ਼ੀਆ, ਖਸਰਾ, ਰੁਬੇਲਾ ਤੇ ਨਿਮੋਨੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ ਅਤੇ ਪੋਲੀਓ ਬੂੰਦਾਂ ਤੇ ਰੋਟਾਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਰਵਾਈਕਲ ਕੈਂਸਰ ਤੋਂ ਬਚਾਅ ਲਈ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਐਚਪੀਵੀ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ।