ਸਿਵਲ ਸਰਜਨ ਤੇ ਡਿਪਟੀ ਏਡੀਸੀ ਨੂੰ ਸਿਹਤ ਮੰਤਰੀ ਨੇ ਕੀਤਾ ਸਨਮਾਨਿਤ
ਸਿਵਲ ਸਰਜਨ ਡਾ.ਕਵਿਤਾ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਏਰਿਕ ਨੂੰ ਸਿਹਤ ਮੰਤਰੀ ਨੇ ਸਨਮਾਨਿਤ ਕੀਤਾ
Publish Date: Thu, 19 Feb 2026 05:04 PM (IST)
Updated Date: Fri, 20 Feb 2026 04:06 AM (IST)

ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ, ਫਾਜ਼ਿਲਕਾ:ਪੰਜਾਬ ਅੰਦਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਚੰਡੀਗੜ੍ਹ ਵਿਖੇ ਆਯੋਜਿਤ ਸਿਵਲ ਸਰਜਨ ਕਾਨਫਰੰਸ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਕਵਿਤਾ ਸਿੰਘ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਏਰਿਕ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਿਹਤ ਸੰਸਥਾਵਾਂ ਵਿਖੇ ਮਿਆਰੀ ਸੇਵਾ ਪ੍ਰਦਾਨ ਕਰਨ, ਗੁਣਵੱਤਾ ਭਰੋਸੇ ਅਤੇ ਜਨਤਕ ਸਿਹਤ ਪਹਿਲਕਦਮੀਆਂ ਵਿੱਚ ਮਜ਼ਬੂਤ ਅਤੇ ਵਧੀਆ ਪ੍ਰਦਰਸ਼ਨ ਲਈ ਦਿੱਤਾ ਗਿਆ। ਸਮਾਗਮ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਨੇ ਜ਼ਿਲ੍ਹੇ ਦੇ ਮਰੀਜ਼ਾਂ ਦੀ ਦੇਖਭਾਲ, ਡਾਇਗਨੌਸਟਿਕ ਸੇਵਾਵਾਂ ਦੇ ਵਿਸਥਾਰ, ਸਰਜੀਕਲ ਨਤੀਜਿਆਂ ਵਿੱਚ ਸੁਧਾਰ, ਸਫਾਈ ਦੇ ਉੱਚ ਮਾਪਦੰਡਾਂ ਦੀ ਪਾਲਣਾ, ਵਿੱਤੀ ਪ੍ਰਬੰਧਨ ਦੀ ਪਾਰਦਰਸ਼ਤਾ ਅਤੇ ਲਾਗ ਨਿਯੰਤਰਣ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਹੋਰ ਜ਼ਿਲ੍ਹਿਆਂ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਡਿਲੀਵਰੀ ਵਿੱਚ ਇੱਕ ਵਿਆਪਕ ਅਤੇ ਜਵਾਬਦੇਹ ਪਹੁੰਚ ਹੀ ਲੋਕਾਂ ਦਾ ਭਰੋਸਾ ਜਿੱਤ ਸਕਦੀ ਹੈ ਅਤੇ ਫਾਜ਼ਿਲਕਾ ਟੀਮ ਨੇ ਇਸ ਦਿਸ਼ਾ ਵਿੱਚ ਸਰਾਹਣਾ ਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗੁਣਵੱਤਾ ਭਰੋਸਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਮਰੀਜ਼ਾਂ ਲਈ ਸੁਵਿਧਾਜਨਕ ਸੇਵਾਵਾਂ ਯਕੀਨੀ ਬਣਾਉਣਾ ਅਤੇ ਹਸਪਤਾਲ ਪ੍ਰਬੰਧਨ ਵਿੱਚ ਪਾਰਦਰਸ਼ਤਾ ਲਿਆਉਣਾ ਅੱਜ ਦੇ ਸਮੇਂ ਦੀ ਲੋੜ ਹੈ। ਫਾਜ਼ਿਲਕਾ ਸਿਹਤ ਵਿਭਾਗ ਨੇ ਸਫਾਈ ਮੁਹਿੰਮਾਂ, ਲਾਗ ਨਿਯੰਤਰਣ ਕਮੇਟੀਆਂ ਦੀ ਸਰਗਰਮ ਭੂਮਿਕਾ ਅਤੇ ਨਿਯਮਿਤ ਆਡਿਟ ਰਾਹੀਂ ਹਸਪਤਾਲਾਂ ਵਿੱਚ ਸੁਧਾਰ ਲਿਆਂਦਾ ਹੈ। ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਇਹ ਸਨਮਾਨ ਪੂਰੀ ਜ਼ਿਲ੍ਹਾ ਸਿਹਤ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਡਾਕਟਰਜ਼, ਨਰਸਿੰਗ ਸਟਾਫ, ਪੈਰਾ-ਮੈਡੀਕਲ ਕਰਮਚਾਰੀਆਂ ਅਤੇ ਪ੍ਰਸ਼ਾਸਕੀ ਟੀਮ ਦੇ ਸਹਿਯੋਗ ਨਾਲ ਹੀ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡਾਇਗਨੌਸਟਿਕ ਸਹੂਲਤਾਂ ਨੂੰ ਅਧੁਨਿਕ ਬਣਾਉਣ, ਓਪਰੇਸ਼ਨ ਥੀਏਟਰਾਂ ਵਿੱਚ ਮਿਆਰੀ ਪ੍ਰੋਟੋਕਾਲ ਲਾਗੂ ਕਰਨ ਅਤੇ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਡੀ ਐਮ ਸੀ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਏਰਿਕ ਨੇ ਕਿਹਾ ਕਿ ਜਨਤਕ ਸਿਹਤ ਪਹਿਲਕਦਮੀਆਂ ਤਹਿਤ ਟੀਕਾਕਰਨ, ਮਾਤਾ-ਬੱਚਾ ਸਿਹਤ ਸੇਵਾਵਾਂ, ਗੈਰ-ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਤੀਵਰ ਕੀਤਾ ਗਿਆ ਹੈ। ਵਿੱਤੀ ਸਰੋਤਾਂ ਦੇ ਸਦਪ੍ਰਯੋਗ ਅਤੇ ਡਾਟਾ ਆਧਾਰਿਤ ਯੋਜਨਾ ਬਣਾਉਣ ਨਾਲ ਸਿਹਤ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਸਨਮਾਨ ਨਾਲ ਜ਼ਿਲ੍ਹਾ ਸਿਹਤ ਵਿਭਾਗ ਦੇ ਹੌਸਲੇ ਹੋਰ ਬੁਲੰਦ ਹੋਏ ਹਨ ਅਤੇ ਟੀਮ ਨੇ ਵਚਨ ਦਿੱਤਾ ਹੈ ਕਿ ਲੋਕਾਂ ਨੂੰ ਉੱਚ ਦਰਜੇ ਦੀ, ਸੁਰੱਖਿਅਤ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਯਤਨ ਲਗਾਤਾਰ ਜਾਰੀ ਰਹਿਣਗੇ।ਇਸ ਸਮੇਂ ਪ੍ਰਿੰਸੀਪਲ ਸੈਕਟਰੀ ਕੁਮਾਰ ਰਾਹੁਲ, ਡਾਇਰੈਕਟਰ ਹੈਲਥ ਡਾਹਤਿੰਦਰ ਕੌਰ ਅਤੇ ਹੋਰ ਅਫਸਰ ਸਾਹਿਬਾਨ ਹਾਜ਼ਰ ਸਨ