ਬੀਐੱਸਐੱਫ ਦੇ 62ਵੇਂ ਸਥਾਪਨਾ ਦਿਵਸ ’ਤੇ ਬੱਚਿਆਂ ਨੇ ਬੰਨ੍ਹਿਆ ਰੰਗ ਬੀਐੱਸਐੱਫ ਦੇ 62ਵੇਂ ਸਥਾਪਨਾ ਦਿਵਸ ਮੌਕੇ ਸਾਦਕੀ ਬਾਰਡਰ ’ਤੇ ਬੱਚਿਆਂ ਨੇ ਦੇਸ਼ਭਗਤੀ ਦੇ ਗੀਤਾਂ, ਕਵਿਤਾਵਾਂ ਤੇ ਭੰਗੜੇ ਨਾਲ ਬੰਨ੍ਹਿਆ ਰੰਗ
Publish Date: Sun, 29 Nov 2026 03:43 PM (IST)
Updated Date: Sun, 29 Nov 2026 03:46 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ,ਫਾਜ਼ਿਲਕਾ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ 62ਵੇਂ ਸਥਾਪਨਾ ਦਿਵਸ ਮੌਕੇ ਫਾਜ਼ਿਲਕਾ ਦੇ ਹਰੀ ਨਾਰਾਇਣ ਬਾਲ ਵਿਦਿਆਲਿਆ ਦੇ ਕਰੀਬ 300 ਨੰਨ੍ਹੇ ਵਿਦਿਆਰਥੀ ਸਾਦਕੀ ਸਰਹੱਦ ’ਤੇ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਦੇਸ਼ਭਗਤੀ ਭਰਪੂਰ ਪੇਸ਼ਕਾਰੀਆਂ ਨਾਲ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਮਨ ਮੋਹ ਲਿਆ। ਬੱਚਿਆਂ ਦੇ ਉਤਸ਼ਾਹ ਅਤੇ ਦੇਸ਼ ਪ੍ਰਤੀ ਜਜ਼ਬੇ ਨੂੰ ਦੇਖ ਕੇ ਸਰਹੱਦ ਪਾਰ ਮੌਜੂਦ ਪਾਕਿਸਤਾਨੀ ਰੇਂਜਰ ਵੀ ਹੈਰਾਨ ਨਜ਼ਰ ਆਏ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮਨੂ ਸੇਤੀਆ ਅਤੇ ਸੋਨੀਆ ਸੇਤੀਆ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜਵਾਨਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਬੱਚਿਆਂ ਨੇ ਦੇਸ਼ਭਗਤੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਸਮੂਹਿਕ ਗਾਇਨ ਅਤੇ ਭੰਗੜੇ ਦੀ ਪੇਸ਼ਕਾਰੀ ਰਾਹੀਂ ਦੇਸ਼ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟ ਕੀਤਾ। ਨੰਨ੍ਹੇ ਬੱਚਿਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ 139ਵੀਂ ਬਟਾਲੀਅਨ ਦੇ ਕਮਾਂਡੈਂਟ ਰਵੀ ਸ਼ੰਕਰ ਤ੍ਰਿਵੇਦੀ, ਕੰਪਨੀ ਕਮਾਂਡਰ ਧਰਮਾਰਾਮ ਜਾਟ ਸਮੇਤ ਹੋਰ ਅਧਿਕਾਰੀਆਂ ਅਤੇ ਜਵਾਨਾਂ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬੀਐੱਸਐੱਫ ਵੱਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਲਈ ਚਾਹ-ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ। ਸਮਾਗਮ ਦੌਰਾਨ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦਿਆਂ ਸਰਹੱਦੀ ਖੇਤਰ ਵਿੱਚ ਪੌਦੇ ਵੀ ਲਗਾਏ ਗਏ। ਇਸ ਤਰ੍ਹਾਂ ਬੱਚਿਆਂ ਨੇ ਜਿੱਥੇ ਦੇਸ਼ ਦੇ ਰਖਵਾਲਿਆਂ ਪ੍ਰਤੀ ਸਤਿਕਾਰ ਪ੍ਰਗਟ ਕੀਤਾ, ਉੱਥੇ ਹੀ ਦੇਸ਼ਭਗਤੀ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਵੀ ਦਿੱਤਾ।