ਮੁੱਖ ਮੰਤਰੀ ਮਾਨ ਅਬੋਹਰ ’ਚ ਭਲ਼ਕੇ : ਡਾ. ਸੁਹਾਨੀ ਡੋਡਾ ਮੁੱਖ ਮੰਤਰੀ ਭਗਵੰਤ ਮਾਨ 1 ਨਵੰਬਰ ਨੂੰ ਆਉਣਗੇ ਅਬੋਹਰ:ਡਾ. ਸੁਹਾਨੀ ਡੋਡਾ
Publish Date: Fri, 30 Oct 2026 03:22 PM (IST)
Updated Date: Fri, 30 Oct 2026 03:22 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਨਵੰਬਰ ਨੂੰ ਅਬੋਹਰ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਸ੍ਰੀ ਗੰਗਾਨਗਰ ਰੋਡ ਸਥਿਤ ਸ਼ਾਂਤੀ ਐਨਕਲੇਵ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਅਗਲੀ ਕਿਸ਼ਤ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਜਾਰੀ ਕਰਨਗੇ। ਇਹ ਸਮਾਗਮ ਸ੍ਰੀ ਗੰਗਾਨਗਰ ਰੋਡ ਬਾਈਪਾਸ ਸਥਿਤ ਸ਼ਾਂਤੀ ਐਨਕਲੇਵ ਵਿਖੇ ਸਵੇਰੇ 10 ਵਜੇ ਕਰਵਾਇਆ ਜਾਵੇਗਾ।ਆਮ ਆਦਮੀ ਪਾਰਟੀ ਦੀ ਅਬੋਹਰ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਆਪਣੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਇਸ ਦੌਰੇ ਦੌਰਾਨ ਇਲਾਕੇ ਦੇ ਵਿਕਾਸ ਸਬੰਧੀ ਅਹਿਮ ਐਲਾਨ ਹੋਣ ਦੀ ਵੀ ਉਮੀਦ ਹੈ। ਡਾ. ਡੋਡਾ ਨੇ ਦਾਅਵਾ ਕੀਤਾ ਕਿ ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਹਰ ਮਹੀਨੇ 1,000 ਤੋਂ 1,500 ਰੁਪਏ ਤੱਕ ਦੀ ਰਕਮ ਭੇਜੀ ਜਾ ਰਹੀ ਹੈ।ਉਨ੍ਹਾਂ ਅਨੁਸਾਰ ਪੰਜਾਬ ਭਰ ਵਿੱਚ ਕਰੀਬ 80 ਲੱਖ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਹਨ, ਜਦਕਿ ਇਕੱਲੇ ਅਬੋਹਰ ਵਿਧਾਨ ਸਭਾ ਹਲਕੇ ਦੀਆਂ ਲਗਭਗ 70 ਹਜ਼ਾਰ ਮਹਿਲਾਵਾਂ ਇਸ ਯੋਜਨਾ ਨਾਲ ਜੁੜੀਆਂ ਹੋਈਆਂ ਹਨ।ਮੁੱਖ ਮੰਤਰੀ ਭਗਵੰਤ ਮਾਨ ਦੇ ਅਬੋਹਰ ਦੌਰੇ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ਦੌਰਾਨ ਮਹਿਲਾਵਾਂ ਨੂੰ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨ ਦੇ ਨਾਲ-ਨਾਲ ਇਲਾਕੇ ਲਈ ਵਿਕਾਸ ਕਾਰਜਾਂ ਦੇ ਐਲਾਨਾਂ ’ਤੇ ਵੀ ਨਜ਼ਰ ਰਹੇਗੀ।