ਤੀਜੀ ਵਾਰ ਅਬੋਹਰ ਪਹੁੰਚੇ ਸੀਐੱਮ ਨੇ ਸਰਹੱਦੀ ਖੇਤਰ ਨੂੰ ਮੁੜ ਕੀਤਾ ਨਜ਼ਰਅੰਦਾਜ਼ : ਵਿਧਾਇਕ ਜਾਖੜ ਤੀਜੀ ਵਾਰ ਅਬੋਹਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੱਦੀ ਖੇਤਰ ਨੂੰ ਮੁੜ ਕੀਤਾ ਨਜ਼ਰਅੰਦਾਜ਼ : ਵਿਧਾਇਕ ਸੰਦੀਪ ਜਾਖੜ
Publish Date: Mon, 02 Nov 2026 04:09 PM (IST)
Updated Date: Mon, 02 Nov 2026 04:11 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਬੋਹਰ ਦੌਰੇ ਤੋਂ ਬਾਅਦ ਵਿਧਾਇਕ ਸੰਦੀਪ ਜਾਖੜ ਨੇ ਗਹਿਰੀ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਤੀਜਾ ਅਬੋਹਰ ਦੌਰਾ ਵੀ ਸਰਹੱਦੀ ਖੇਤਰ ਦੇ ਲੋਕਾਂ ਲਈ ਨਿਰਾਸ਼ਾਜਨਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਜਾਂ ਤਾਂ ਮੁੱਖ ਮੰਤਰੀ ਅਬੋਹਰ ਨੂੰ ਪੰਜਾਬ ਦਾ ਹਿੱਸਾ ਨਹੀਂ ਸਮਝਦੇ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਖੇਤਰ ਨਾਲ ਕੋਈ ਨਾਰਾਜ਼ਗੀ ਹੈ। ਮੁੱਖ ਮੰਤਰੀ ਦੇ ਬੀਤੇ ਦਿਨ ਦੇ ਦੌਰੇ ਨੇ ਉਨ੍ਹਾਂ ਦੇ ਇਸ ਸ਼ੱਕ ਨੂੰ ਹੋਰ ਪੱਕਾ ਕਰ ਦਿੱਤਾ ਹੈ। ਵਿਧਾਇਕ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਨਾ ਤਾਂ ਅਬੋਹਰ ਦੇ ਸਰਹੱਦੀ ਖੇਤਰ ਲਈ ਕਿਸੇ ਨਵੇਂ ਵਿਕਾਸ ਪ੍ਰੋਜੈਕਟ ਦਾ ਐਲਾਨ ਕੀਤਾ ਅਤੇ ਨਾ ਹੀ ਰੰਗਲਾ ਪੰਜਾਬ ਯੋਜਨਾ ਤਹਿਤ ਸਿਰਫ਼ ਅਬੋਹਰ ਵਿਧਾਨ ਸਭਾ ਹਲਕੇ ਦੇ ਰੋਕੇ ਗਏ 5 ਕਰੋੜ ਰੁਪਏ ਬਾਰੇ ਕੋਈ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਅਬੋਹਰ ਦੇ ਲੋਕ ਵਿਕਾਸ ਕਾਰਜਾਂ ਦੀ ਉਮੀਦ ਲਗਾਈ ਬੈਠੇ ਹਨ, ਪਰ ਸਰਕਾਰ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਵਿਧਾਇਕ ਨੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਮੰਚ ਤੇ ਸਾਬਕਾ ਗੈਂਗਸਟਰਾਂ ਨੂੰ ਗਲੇ ਲਗਾਉਣ ਲਈ ਤਾਂ ਸਮਾਂ ਕੱਢ ਲੈਂਦੇ ਹਨ, ਪਰ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਨਾਲ ਦੋ ਮਿੰਟ ਗੱਲਬਾਤ ਕਰਨ ਦਾ ਸਮਾਂ ਵੀ ਉਨ੍ਹਾਂ ਕੋਲ ਨਹੀਂ ਸੀ। ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਜਨਤਾ ਵੱਲੋਂ ਚੁਣੇ ਗਏ ਪ੍ਰਤੀਨਿਧੀ ਦੀ ਗੱਲ ਸੁਣਨ ਲਈ ਵੀ ਮੁੱਖ ਮੰਤਰੀ ਕੋਲ ਸਮਾਂ ਨਹੀਂ ਹੈ। ਜਾਖੜ ਨੇ ਕਿਹਾ ਕਿ ਅਬੋਹਰ ਪੰਜਾਬ ਤੋਂ ਬਾਹਰ ਦਾ ਕੋਈ ਖੇਤਰ ਨਹੀਂ ਹੈ। ਇੱਥੋਂ ਦੇ ਲੋਕ ਵੀ ਪੰਜਾਬ ਦੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਵੀ ਵਿਕਾਸ, ਰੁਜ਼ਗਾਰ ਤੇ ਬੁਨਿਆਦੀ ਸਹੂਲਤਾਂ ਦਾ ਉਨਾ ਹੀ ਅਧਿਕਾਰ ਹੈ, ਜਿੰਨਾ ਸੂਬੇ ਦੇ ਹੋਰਨਾਂ ਖੇਤਰਾਂ ਦੇ ਲੋਕਾਂ ਨੂੰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਅਬੋਹਰ ਸ਼ਾਇਦ ਸਿਰਫ਼ ਚੋਣਾਂ ਅਤੇ ਸਿਆਸੀ ਸਮਾਗਮਾਂ ਤੱਕ ਹੀ ਸੀਮਤ ਰਹਿ ਗਿਆ ਹੈ। ਮੁੱਖ ਮੰਤਰੀ ਦੇ ਤੀਜੇ ਦੌਰੇ ਤੋਂ ਬਾਅਦ ਵੀ ਇਲਾਕੇ ਦੇ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਅਬੋਹਰ ਦੇ ਲੋਕਾਂ ਨਾਲ ਇਹ ਵਿਤਕਰਾ ਕਦੋਂ ਤੱਕ ਜਾਰੀ ਰਹੇਗਾ ਅਤੇ ਸਰਕਾਰ ਉਨ੍ਹਾਂ ਦੇ ਹੱਕ ਦੇ 5 ਕਰੋੜ ਰੁਪਏ ਕਦੋਂ ਜਾਰੀ ਕਰੇਗੀ?