ਕੇਂਦਰ ਵਪਾਰ ਖੋਲ੍ਹੇ ਪਰ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਏ : ਕਾਲਾ ਸਿੰਘ ਮੁਹੰਮਦ
ਕੇਂਦਰ ਵਪਾਰ ਖੋਲ੍ਹੇ, ਪਰ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਏ:ਕਾਲਾ ਸਿੰਘ ਮੁਹੰਮਦ
Publish Date: Wed, 25 Feb 2026 04:16 PM (IST)
Updated Date: Wed, 25 Feb 2026 04:19 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ, ਜਲਾਲਾਬਾਦ : ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਵਪਾਰਕ ਸਮਝੌਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਕਾਲਾ ਸਿੰਘ ਮੁਹੰਮਦ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਕਾਲਾ ਸਿੰਘ ਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਹਿੱਤਾਂ ਨਾਲ ਖਿਲਵਾਰ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਪਾਰਕ ਸਮਝੌਤਿਆਂ ਦੇ ਨਾਂ ‘ਤੇ ਭਾਰਤੀ ਬਜ਼ਾਰ ਵਿਦੇਸ਼ੀ ਕੰਪਨੀਆਂ ਲਈ ਖੋਲ੍ਹੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੇ ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਮੱਧਵਰਗੀ ਉਦਯੋਗਪਤੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਫੈਸਲੇ ਬਿਨਾਂ ਵਿਸਥਾਰਕ ਚਰਚਾ ਦੇ ਲਏ ਗਏ ਅਤੇ ਹੁਣ ਇਹ ਵਪਾਰਕ ਸਮਝੌਤਾ ਵੀ ਗੁਪਤ ਢੰਗ ਨਾਲ ਕੀਤਾ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਜਨਤਾ ਸਾਹਮਣੇ ਰੱਖੇ ਅਤੇ ਸੰਸਦ ਵਿੱਚ ਖੁੱਲ੍ਹੀ ਚਰਚਾ ਕਰਵਾਏ। ‘ਆਪ’ ਆਗੂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਸਿਰਫ਼ ਵੱਡੇ ਕਾਰਪੋਰੇਟ ਘਰਾਨਿਆਂ ਲਈ ਨਹੀਂ, ਸਗੋਂ ਆਮ ਲੋਕਾਂ ਲਈ ਵੀ ਹੈ। ਜੇਕਰ ਇਹ ਸਮਝੌਤਾ ਭਾਰਤੀ ਉਦਯੋਗਾਂ ਅਤੇ ਕਿਸਾਨੀ ਖੇਤਰ ਲਈ ਘਾਟੇ ਦਾ ਸੌਦਾ ਸਾਬਤ ਹੋਇਆ ਤਾਂ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰੇਗੀ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕ ਸੁਰੱਖਿਆ ਅਤੇ ਆਤਮਨਿਰਭਰਤਾ ਨਾਲ ਕੋਈ ਵੀ ਸਮਝੌਤਾ ਕਬੂਲ ਨਹੀਂ ਕੀਤਾ ਜਾਵੇਗਾ।