‘ਖੇਤੀ ਖਸਮਾ ਸੇਤੀ’ : ਚੀਫ਼ ਕਾਰਡੀਓਲੋਜਿਸਟ ਡਾ. ਜੀ.ਐੱਸ. ਵਾਂਡਰ ਕਾਰਡੀਓਲੋਜਿਸਟ ਡਾ. ਜੀ.ਐੱਸ. ਵਾਂਡਰ ਦਾ ਵਾਤਾਵਰਣ ਪ੍ਰੇਮੀ 1125 ਪੌਦੇ ਬਣਣਗੇ ਜੀਵਨਦਾਇਨੀ ਛਾਂ
Publish Date: Sun, 26 Jul 2026 04:59 PM (IST)
Updated Date: Sun, 26 Jul 2026 05:02 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਾਂਡੀ ਵਾਲਾ ਦੇ ਵਸਨੀਕ ਅਤੇ ਇਸ ਸਮੇਂ ਹੀਰੋ ਹਾਰਟ ਡੀਐਮਸੀ ਲੁਧਿਆਣਾ ਵਿੱਚ ਚੀਫ਼ ਕਾਰਡੀਓਲੋਜਿਸਟ ਅਤੇ ਪ੍ਰਿੰਸੀਪਲ ਡੀਐਮਸੀ (ਐਚ) ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਜੀ.ਐੱਸ. ਵਾਂਡਰ ਨਾ ਸਿਰਫ਼ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ, ਸਗੋਂ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਵੀ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕਰ ਰਹੇ ਹਨ। ਆਪਣੇ ਪਰਮ ਮਿੱਤਰ, ਪ੍ਰਗਤੀਸ਼ੀਲ ਕਿਸਾਨ ਅਤੇ ਵਾਤਾਵਰਣ ਪ੍ਰੇਮੀ ਵਿਜੈ ਮੈਨੀ ਦੀ ਪ੍ਰੇਰਣਾ ਨਾਲ ਉਨ੍ਹਾਂ ਨੇ ਅਬੋਹਰ ਰੋਡ ਸਥਿਤ ਸ਼ਹਤੀਰ ਵਾਲਾ ਚੌਂਕ ਨੇੜੇ ਕਰੀਬ 2.5 ਏਕੜ ਬੰਜਰ ਜ਼ਮੀਨ ਨੂੰ ਹਰਿਆਲੀ ਵਿੱਚ ਤਬਦੀਲ ਕਰਨ ਦਾ ਬੀੜਾ ਚੁੱਕਿਆ ਹੈ। ਇਸ ਜ਼ਮੀਨ ’ਤੇ ਉਨ੍ਹਾਂ ਵੱਲੋਂ ਲਗਭਗ 1125 ਪੌਦੇ ਲਗਾਏ ਗਏ ਹਨ। ਇਹ ਉਪਰਾਲਾ ਸਿਰਫ਼ ਪੌਦੇ ਲਗਾਉਣ ਤੱਕ ਹੀ ਸੀਮਿਤ ਨਹੀਂ, ਸਗੋਂ ਵਾਤਾਵਰਣ ਸੰਤੁਲਨ ਅਤੇ ਕੁਦਰਤੀ ਵਿਰਾਸਤ ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੁਹਿੰਮ ਵਿੱਚ ਜੰਗਲਾਤ ਵਿਭਾਗ ਵੱਲੋਂ ਵੀ ਸਮੇਂ-ਸਮੇਂ ’ਤੇ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ ਗਿਆ। ਇਸ ਪ੍ਰੇਰਣਾਦਾਇਕ ਯਤਨ ਦੇ ਪਿੱਛੇ ਵਿਜੈ ਮੈਨੀ ਦਾ ਜਜ਼ਬਾ ਅਤੇ ਸਮਰਪਣ ਵਿਸ਼ੇਸ਼ ਤੌਰ ’ਤੇ ਸ਼ਲਾਘਾਯੋਗ ਹੈ। 75 ਸਾਲ ਦੀ ਉਮਰ ਵਿੱਚ ਵੀ ਉਹ 45 ਸਾਲ ਦੇ ਜੋਸ਼ ਨਾਲ ਇਸ ਹਰਿਆਲੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਇੱਥੇ ਇੱਕ ਛੋਟਾ ਜੰਗਲ ਤਿਆਰ ਕੀਤਾ ਹੈ, ਜਿਸ ਨੂੰ ਹੁਣ ਸਥਾਨਕ ਲੋਕ ਮਿਆਂਵੱਕੀ ਜੰਗਲ ਦੇ ਨਾਂ ਨਾਲ ਜਾਣਦੇ ਹਨ। ਵਿਜੈ ਮੈਨੀ ਨੇ ਦੱਸਿਆ ਕਿ ਇਸ ਜ਼ਮੀਨ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਡੂੰਘੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ, ਜਦੋਂ ਤੱਕ ਮੈਂ ਇੱਥੇ ਆ ਕੇ ਖੇਤ ਦਾ ਚੱਕਰ ਨਹੀਂ ਲਗਾਂਦਾ, ਉਦੋਂ ਤੱਕ ਕੁਝ ਅਧੂਰਾ ਜਿਹਾ ਮਹਿਸੂਸ ਹੁੰਦਾ ਹੈ। ਉਨ੍ਹਾਂ ਪੰਜਾਬੀ ਕਹਾਵਤ ਖੇਤੀ ਖਸਮਾ ਸੇਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ ਕਿਸਾਨ ਆਪਣੀ ਫ਼ਸਲ ਦੀ ਰੋਜ਼ਾਨਾ ਦੇਖਭਾਲ ਕਰਦਾ ਹੈ, ਉਸੇ ਤਰ੍ਹਾਂ ਉਹ ਵੀ ਇਸ ਹਰਿਆਲੀ ਦੀ ਸੰਭਾਲ ਨੂੰ ਆਪਣਾ ਫ਼ਰਜ਼ ਸਮਝਦੇ ਹਨ। ਦੂਜੇ ਪਾਸੇ, ਡਾ. ਜੀ.ਐੱਸ. ਵਾਂਡਰ ਆਪਣੇ ਰੁਝੇਵਿਆਂ ਭਰਪੂਰ ਡਾਕਟਰੀ ਪ੍ਰੋਗਰਾਮਾਂ ਕਾਰਨ ਇੱਥੇ ਘੱਟ ਆ ਸਕਦੇ ਹਨ, ਪਰ ਜਦੋਂ ਵੀ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਇਸ ਸਥਾਨ ’ਤੇ ਪਹੁੰਚ ਕੇ ਇਸ ਹਰਿਆਲੀ ਮੁਹਿੰਮ ਨਾਲ ਆਪਣਾ ਜੁੜਾਅ ਹੋਰ ਮਜ਼ਬੂਤ ਕਰਦੇ ਹਨ। ਇਹ ਉਪਰਾਲਾ ਸਮਾਜ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਹੈ, ਜੋ ਇਹ ਸੰਦੇਸ਼ ਦਿੰਦਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਅਤੇ ਸਾਂਝੇ ਯਤਨ ਕੀਤੇ ਜਾਣ ਤਾਂ ਬੰਜਰ ਧਰਤੀ ਨੂੰ ਵੀ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ।