ਸਰਹੱਦੀ ਪਿੰਡ ਦੇ ਖੇਤ 'ਚੋਂ ਮਿਲੀ ਬੰਬਨੁਮਾ ਵਸਤੂ, ਜੁਤਾਈ ਦੌਰਾਨ ਆਈ ਬਾਹਰ, BSF ਤੇ ਪੁਲਿਸ ਨੇ ਕੀਤਾ ਇਲਾਕਾ ਸੀਲ
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਦੇ ਸਰਹੱਦੀ ਇਲਾਕੇ ’ਚ ਵੀਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਕਿਸਾਨ ਦੇ ਖੇਤ ’ਚੋਂ ਜੁਤਾਈ ਦੌਰਾਨ ਬੰਬਨੁਮਾ ਸ਼ੱਕੀ ਵਸਤੂ ਬਰਾਮਦ ਹੋਈ। ਸਰਹੱਦੀ ਪਿੰਡ ਮੁਹਾਰ ਖੀਵਾ ’ਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬਾਰਡਰ ਸਿਕਿਓਰਿਟੀ ਫੋਰਸ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ।
Publish Date: Thu, 16 Jul 2026 03:14 PM (IST)
Updated Date: Thu, 16 Jul 2026 03:17 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਦੇ ਸਰਹੱਦੀ ਇਲਾਕੇ ’ਚ ਵੀਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਕਿਸਾਨ ਦੇ ਖੇਤ ’ਚੋਂ ਜੁਤਾਈ ਦੌਰਾਨ ਬੰਬਨੁਮਾ ਸ਼ੱਕੀ ਵਸਤੂ ਬਰਾਮਦ ਹੋਈ। ਸਰਹੱਦੀ ਪਿੰਡ ਮੁਹਾਰ ਖੀਵਾ ’ਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬਾਰਡਰ ਸਿਕਿਓਰਿਟੀ ਫੋਰਸ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ।
ਸੁਰੱਖਿਆ ਏਜੰਸੀਆਂ ਨੇ ਪੂਰੇ ਇਲਾਕੇ ਨੂੰ ਆਪਣੇ ਕਬਜ਼ੇ ’ਚ ਲੈਂਦਿਆਂ ਸ਼ੱਕੀ ਵਸਤੂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾ ਦਿੱਤਾ ਅਤੇ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕੀਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਮੁਹਾਰ ਖੀਵਾ ਦਾ ਇੱਕ ਕਿਸਾਨ ਆਪਣੇ ਖੇਤ ਵਿੱਚ ਟਰੈਕਟਰ ਨਾਲ ਜੁਤਾਈ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਦੇ ਹਲ ਨਾਲ ਜ਼ਮੀਨ ’ਚੋਂ ਲੋਹੇ ਦੀ ਇੱਕ ਭਾਰੀ ਅਤੇ ਬੰਬ ਵਰਗੀ ਦਿਖਾਈ ਦੇਣ ਵਾਲੀ ਵਸਤੂ ਬਾਹਰ ਆ ਗਈ। ਵਸਤੂ ਨੂੰ ਦੇਖ ਕੇ ਕਿਸਾਨ ਘਬਰਾ ਗਿਆ ਅਤੇ ਉਸ ਨੇ ਸਮਝਦਾਰੀ ਦਿਖਾਉਂਦਿਆਂ ਤੁਰੰਤ ਕੰਮ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।
ਸੂਚਨਾ ਮਿਲਣ ਉਪਰੰਤ ਫਾਜ਼ਿਲਕਾ ਸਦਰ ਥਾਣੇ ਦੀ ਪੁਲਿਸ ਅਤੇ ਬੀ.ਐੱਸ.ਐੱਫ. ਦੇ ਅਧਿਕਾਰੀ ਮੌਕੇ ’ਤੇ ਪਹੁੰਚੇ। ਸੁਰੱਖਿਆ ਏਜੰਸੀਆਂ ਨੇ ਸਭ ਤੋਂ ਪਹਿਲਾਂ ਪੂਰੇ ਇਲਾਕੇ ਨੂੰ ਸੀਲ ਕਰਕੇ ਲੋਕਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ। ਖੇਤ ਦੇ ਨੇੜੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਫਾਜ਼ਿਲਕਾ ਸਦਰ ਥਾਣੇ ਦੇ ਐੱਸ.ਐੱਚ.ਓ. ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ ਦੇ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ ਅਤੇ ਦੋਵਾਂ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ੱਕੀ ਬੰਬਨੁਮਾ ਵਸਤੂ ਦੇ ਆਲੇ-ਦੁਆਲੇ ਰੇਤ ਅਤੇ ਮਿੱਟੀ ਨਾਲ ਭਰੇ ਬੋਰੇ ਲਗਾ ਕੇ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ ਤਾਂ ਜੋ ਜੇਕਰ ਇਹ ਵਿਸਫੋਟਕ ਹੋਵੇ ਤਾਂ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਐੱਸ.ਐੱਚ.ਓ. ਨੇ ਦੱਸਿਆ ਕਿ ਸ਼ੱਕੀ ਵਸਤੂ ਦੀ ਜਾਂਚ ਅਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਹਿਰ ਟੀਮ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਹੀ ਇਸ ਵਸਤੂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਇਸ ਨੂੰ ਨਸ਼ਟ ਕੀਤਾ ਜਾਵੇਗਾ। ਉਦੋਂ ਤੱਕ ਸੁਰੱਖਿਆ ਦੇ ਮੱਦੇਨਜ਼ਰ ਖੇਤ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੁਲਿਸ ਬਲ ਤਾਇਨਾਤ ਰਹੇਗਾ।
ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗਿਣਤੀ ਵਿੱਚ ਲੋਕ ਮੌਕੇ ਵੱਲ ਜਾਣ ਲੱਗੇ ਪਰ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਦੂਰ ਹੀ ਰੋਕ ਦਿੱਤਾ। ਸੁਰੱਖਿਆ ਏਜੰਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਹਿਲਾਂ ਵੀ ਕਈ ਵਾਰ ਖੇਤਾਂ, ਨਹਿਰਾਂ ਅਤੇ ਹੋਰ ਥਾਵਾਂ ਤੋਂ ਪੁਰਾਣੇ ਮੋਰਟਾਰ ਸ਼ੈੱਲ, ਬੰਬਨੁਮਾ ਵਸਤੂਆਂ ਅਤੇ ਹੋਰ ਵਿਸਫੋਟਕ ਸਮੱਗਰੀ ਮਿਲਦੀ ਰਹੀ ਹੈ।
ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ 1965 ਅਤੇ 1971 ਦੀਆਂ ਭਾਰਤ-ਪਾਕ ਜੰਗਾਂ ਦੌਰਾਨ ਵਰਤੇ ਗਏ ਕੁਝ ਸ਼ੈੱਲ ਅਤੇ ਵਿਸਫੋਟਕ ਸਮੇਂ ਦੇ ਨਾਲ ਜ਼ਮੀਨ ਵਿੱਚ ਦੱਬ ਗਏ ਸਨ, ਜੋ ਹੁਣ ਖੇਤੀਬਾੜੀ ਜਾਂ ਖੁਦਾਈ ਦੌਰਾਨ ਸਾਹਮਣੇ ਆ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵਿਸਫੋਟਕ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕੀਤਾ ਜਾਂਦਾ ਹੈ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਖੇਤਾਂ ਜਾਂ ਹੋਰ ਕਿਸੇ ਥਾਂ 'ਤੇ ਕੋਈ ਸ਼ੱਕੀ ਜਾਂ ਵਿਸਫੋਟਕ ਵਰਗੀ ਵਸਤੂ ਨਜ਼ਰ ਆਵੇ ਤਾਂ ਉਸ ਨੂੰ ਹੱਥ ਨਾ ਲਾਇਆ ਜਾਵੇ ਅਤੇ ਤੁਰੰਤ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਜਾਵੇ।