ਮਹਾਰਾਸ਼ਟਰ ਦੀਆਂ ਨੇਤਰਹੀਣ ਔਰਤਾਂ ਨੇ ਸਰਹੱਦ ’ਤੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ ਮਹਾਰਾਸ਼ਟਰ ਦੀਆਂ ਨੇਤਰਹੀਣ ਔਰਤਾਂ ਨੇ ਭਾਰਤ-ਪਾਕਿ ਸਰਹੱਦ ’ਤੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Publish Date: Wed, 26 Aug 2026 04:45 PM (IST)
Updated Date: Wed, 26 Aug 2026 04:46 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ: ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਕਰੀਬ ਇੱਕ ਦਰਜਨ ਨੇਤਰਹੀਣ ਔਰਤਾਂ ਵੱਲੋਂ ਰੱਖੜੀ ਦਾ ਤਿਉਹਾਰ ਦੇਸ਼ ਭਗਤੀ ਅਤੇ ਭਾਵਨਾਤਮਕ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਸਰਹੱਦ ਦੀ ਰਾਖੀ ਕਰ ਰਹੇ ਜਵਾਨਾਂ ਦੇ ਗੁੱਟਾਂ ’ਤੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਰੱਖੜੀਆਂ ਬੰਨ੍ਹੀਆਂ। ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਰਹੱਦ ’ਤੇ ਪਹੁੰਚੀਆਂ ਨੇਤਰਹੀਣ ਔਰਤਾਂ ਨੇ ਜਵਾਨਾਂ ਦੇ ਮੱਥੇ ’ਤੇ ਤਿਲਕ ਲਗਾਇਆ ਅਤੇ ਆਰਤੀ ਉਤਾਰ ਕੇ ਉਨ੍ਹਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਜਵਾਨਾਂ ਅਤੇ ਔਰਤਾਂ ਵਿਚਕਾਰ ਭੈਣ-ਭਰਾ ਦੇ ਪਿਆਰ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਦੇਖਣ ਨੂੰ ਮਿਲੀ। ਮੁੰਬਈ ਤੋਂ ਪਹੁੰਚੀ ਲਤਾ ਲੈੱਯਰ, ਡਿਪਟੀ ਜਨਰਲ ਮੈਨੇਜਰ, ਨਿਊ ਇੰਡੀਆ ਇੰਸ਼ੋਰੈਂਸ ਮੁੰਬਈ, ਨੇ ਦੱਸਿਆ ਕਿ ਪ੍ਰੇਰਨਾ ਐਸੋਸੀਏਸ਼ਨ ਫਾਰ ਬਲਾਇੰਡ ਮਹਾਰਾਸ਼ਟਰ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਨ੍ਹਾਂ ਦੀ ਟੀਮ ਹਰ ਸਾਲ ਲੰਬੀ ਅਤੇ ਔਖੀ ਯਾਤਰਾ ਕਰਕੇ ਸਰਹੱਦ ’ਤੇ ਪਹੁੰਚਦੀ ਹੈ। ਇਸ ਮੌਕੇ ਮਧੂਕਰ ਸੂਰਿਆਵੰਸ਼ੀ ਨੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਰਾਖੀ ਲਈ ਜਵਾਨ ਆਪਣੇ ਪਰਿਵਾਰਾਂ ਅਤੇ ਭੈਣਾਂ ਤੋਂ ਦੂਰ ਸਰਹੱਦ ’ਤੇ ਡਿਊਟੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਰਹੀਣ ਔਰਤਾਂ ਨੇ ਜਵਾਨਾਂ ਨੂੰ ਆਪਣਾ ਭਰਾ ਮੰਨ ਕੇ ਰੱਖੜੀ ਬੰਨ੍ਹੀ ਹੈ ਅਤੇ ਉਨ੍ਹਾਂ ਨੂੰ ਭੈਣਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੌਰਾਨ ਆਰਤੀ ਲਿੰਜੇ ਰੁਕਵਾਲ ਅਤੇ ਰਵਿੰਦਰ ਸਿੰਘ ਰੁਕਵਾਲ (ਸਾਬਕਾ ਆਈ.ਸੀ. ਅਧਿਕਾਰੀ) ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ ਤੋਹਫ਼ੇ ਜਵਾਨਾਂ ਨੂੰ ਭੇਟ ਕੀਤੇ ਗਏ ਅਤੇ ਉਨ੍ਹਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਰਿਟਰੀਟ ਸੈਰੇਮਨੀ ਦੇਖਣ ਤੋਂ ਬਾਅਦ ਨੇਤਰਹੀਣ ਭੈਣਾਂ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੇ ਰੱਖੜੀ ਦੇ ਗੀਤ ਵੀ ਗਾਏ। ਪ੍ਰੋਗਰਾਮ ਦੇ ਅੰਤ ਵਿੱਚ ਸਰਹੱਦ ’ਤੇ ਮੌਜੂਦ ਸਮਾਜ ਸੇਵਕ ਸੁਰਿੰਦਰ ਮੁਲੜੀ ਅਤੇ ਪਰਮਜੀਤ ਕੌਰ ਨੇ ਮਹਾਰਾਸ਼ਟਰ ਤੋਂ ਪਹੁੰਚੀ ਪੂਰੀ ਨੇਤਰਹੀਣ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।