ਫ਼ਾਜ਼ਿਲਕਾ ’ਚ ਬੀਕੇਯੂ ਏਕਤਾ ਸਿੱਧੂਪੁਰ ਨੇ ਅਬੋਹਰ-ਫ਼ਾਜ਼ਿਲਕਾ ਮਾਰਗ ’ਤੇ ਕੀਤਾ ਚੱਕਾ ਜਾਮ ਫ਼ਾਜ਼ਿਲਕਾ ’ਚ ਬੀਕੇਯੂ ਏਕਤਾ ਸਿੱਧੂਪੁਰ ਵਲੋ ਅਬੋਹਰ ਫ਼ਾਜ਼ਿਲਕਾ ਮਾਰਗ ਤੇ ਕੀਤਾ ਚੱਕਾ ਜਾਮ
Publish Date: Sat, 29 Aug 2026 05:02 PM (IST)
Updated Date: Sat, 29 Aug 2026 05:04 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਏਕਤਾ ਸਿੱਧੂਪੁਰ ਦਾ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚਲਾਇਆ ਜਾ ਰਿਹਾ ਅੰਦੋਲਨ ਸ਼ਨੀਵਾਰ ਨੂੰ ਉਸ ਸਮੇਂ ਉਗਰ ਹੋ ਗਿਆ, ਜਦੋਂ ਕਿਸਾਨਾਂ ਨੇ ਅਚਾਨਕ ਫ਼ਾਜ਼ਿਲਕਾ-ਅਬੋਹਰ ਕੌਮੀ ਮਾਰਗ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਸ ਕਾਰਨ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦਰਅਸਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਫ਼ਾਜ਼ਿਲਕਾ ਦੇ ਲੈਂਡਮਾਰਕ ਬੈਂਕ ਦੇ ਬਾਹਰ ਪੱਕਾ ਧਰਨਾ ਲਗਾਇਆ ਹੋਇਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਸਿਰਫ਼ ਫ਼ਾਜ਼ਿਲਕਾ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੰਜਾਬ ਕਮੇਟੀ ਦੇ ਸੱਦੇ ’ਤੇ ਸੂਬੇ ਦੇ 10 ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਖਾਲੀ ਚੈੱਕ ਵਾਪਸ ਕਰਨ ਅਤੇ ‘ਵਨ ਟਾਈਮ ਸੈਟਲਮੈਂਟ’ ਦੀ ਮੰਗ ਅੰਦੋਲਨਕਾਰੀ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਕਰਜ਼ਾ ਲੈਂਦੇ ਸਮੇਂ ਬੈਂਕਾਂ ਵੱਲੋਂ ਕਿਸਾਨਾਂ ਤੋਂ ਸੁਰੱਖਿਆ ਵਜੋਂ ਲਏ ਗਏ ਖਾਲੀ ਚੈੱਕ ਤੁਰੰਤ ਵਾਪਸ ਕੀਤੇ ਜਾਣ। ਇਸ ਦੇ ਨਾਲ ਹੀ ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਸਰਕਾਰ ਅਤੇ ਬੈਂਕ ਪ੍ਰਬੰਧਨ ਵੱਲੋਂ ਮਿਲ ਕੇ ‘ਵਨ ਟਾਈਮ ਸੈਟਲਮੈਂਟ’ (ਓਟੀਐੱਸ) ਸਕੀਮ ਲਾਗੂ ਕੀਤੀ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਓਟੀਐੱਸ ਸਕੀਮ ਲਾਗੂ ਹੋਣ ਨਾਲ ਉਹ ਆਪਣੇ ਕਰਜ਼ੇ ਦੇ ਖਾਤਿਆਂ ਦਾ ਸਨਮਾਨਜਨਕ ਢੰਗ ਨਾਲ ਨਿਪਟਾਰਾ ਕਰ ਸਕਣਗੇ। ਇਨ੍ਹਾਂ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਫ਼ਾਜ਼ਿਲਕਾ-ਅਬੋਹਰ ਕੌਮੀ ਮਾਰਗ ਜਾਮ ਕਰਨ ਦਾ ਕਦਮ ਚੁੱਕਿਆ ਗਿਆ।