ਪੰਜਾਬ ਵਿੱਚ ‘ਆਪ’ ਦੇ ਬੀਜੇ ਕੰਡੇ ਭਾਜਪਾ ਹੀ ਕੱਢੇਗੀ : ਸੁਨੀਲ ਜਾਖੜ ਪੰਜਾਬ ਵਿੱਚ 'ਆਪ' ਦੇ ਬੀਜੇ ਕੰਡੇ ਭਾਜਪਾ ਹੀ ਕੱਢੇਗੀ: ਸੁਨੀਲ ਜਾਖੜ
Publish Date: Thu, 23 Jul 2026 03:59 PM (IST)
Updated Date: Thu, 23 Jul 2026 04:01 PM (IST)
- ਅਮਨ-ਸ਼ਾਂਤੀ ਤੇ ਵਿਕਾਸ ਸਾਡੀ ਪਹਿਲੀ ਤਰਜੀਹ, ‘ਆਪ’ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਕਰਾਰ ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਕਾਰਨ ਸੂਬੇ ਨੂੰ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ‘ਆਪ’ ਦੇ ਬੀਜੇ ਕੰਡੇ ਭਾਜਪਾ ਹੀ ਕੱਢੇਗੀ। ਫਾਜ਼ਿਲਕਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਨੀਤੀਆਂ ਵਿੱਚ ਕੋਈ ਬੁਨਿਆਦੀ ਫਰਕ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਅਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵਾਂ ਪਾਰਟੀਆਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀਆਂ ਨਹੀਂ ਉਤਰੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ ਅਤੇ ਵਿਕਾਸ ਦੇ ਕਈ ਮੁੱਦਿਆਂ ’ਤੇ ਮੌਜੂਦਾ ਸਰਕਾਰ ਅਸਫਲ ਰਹੀ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਭਾਜਪਾ ਕੋਲ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਪੱਸ਼ਟ ਨੀਤੀਆਂ ਅਤੇ ਦੂਰਅੰਦੇਸ਼ੀ ਹੈ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦੀ ਪਹਿਲੀ ਤਰਜੀਹ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਕਰਨਾ, ਨਸ਼ਿਆਂ ’ਤੇ ਸਖ਼ਤ ਨਕੇਲ ਕੱਸਣਾ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਵਰਗ-ਕਿਸਾਨ, ਵਪਾਰੀ, ਨੌਜਵਾਨ, ਮਹਿਲਾਵਾਂ ਅਤੇ ਮਜ਼ਦੂਰਾਂ-ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਵਚਨਬੱਧ ਹੈ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਅਬੋਹਰ ਨਗਰ ਨਿਗਮ ਵਿੱਚ ਭਾਜਪਾ ਦੀ ਮੇਅਰ ਅਤੇ ਫ਼ਾਜ਼ਿਲਕਾ ਨਗਰ ਕੌਂਸਲ ਵਿੱਚ ਭਾਜਪਾ ਦੀ ਪ੍ਰਧਾਨ ਬਣਨਾ ਲੋਕਾਂ ਵੱਲੋਂ ਭਾਜਪਾ ਦੀਆਂ ਨੀਤੀਆਂ ’ਤੇ ਪ੍ਰਗਟਾਏ ਵਿਸ਼ਵਾਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਰਾਹੀਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਉਸ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਵਿਕਾਸ, ਸੁਸ਼ਾਸਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ ਅਤੇ ਭਾਜਪਾ ਇਸ ਭਰੋਸੇ ’ਤੇ ਪੂਰੀ ਤਰ੍ਹਾਂ ਖਰਾ ਉਤਰੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਬਦਲਾਅ ਲਈ ਭਾਜਪਾ ਦਾ ਸਾਥ ਦੇਣਗੇ ਅਤੇ ਪਾਰਟੀ ਸੂਬੇ ਨੂੰ ਖੁਸ਼ਹਾਲੀ ਅਤੇ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਜਾਖੜ ਨੇ ਕਿਹਾ ਕਿ ਭਾਜਪਾ ਲੋਕਾਂ ਦੇ ਭਰੋਸੇ ’ਤੇ ਖਰਾ ਉਤਰਦਿਆਂ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਲ ਸੇਲ ਇੰਚਾਰਜ ਰੰਜਮ ਕਾਮਰਾ ਅਤੇ ਭਾਜਪਾ ਵਰਕਰ ਮੌਜੂਦ ਸਨ।