ਬਸਤੀ ਹਜ਼ੂਰ ਸਿੰਘ ਸਕੂਲ ਦੀ ਬਦਹਾਲੀ ’ਤੇ ਭਾਜਪਾ ਨੇ ਸੂਬਾ ਸਰਕਾਰ ਨੂੰ ਘੇਰਿਆ ਬਸਤੀ ਹਜ਼ੂਰ ਸਿੰਘ ਸਰਕਾਰੀ ਸਕੂਲ ਦੀ ਬਦਹਾਲੀ ’ਤੇ ਭਾਜਪਾ ਨੇ ਆਪ ਸਰਕਾਰ ਨੂੰ ਘੇਰਿਆ, ਬੈਂਸ ਨੂੰ ਦਿੱਤਾ ਜਵਾਬ
Publish Date: Wed, 26 Aug 2026 06:51 PM (IST)
Updated Date: Wed, 26 Aug 2026 06:52 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਬਸਤੀ ਹਜ਼ੂਰ ਸਿੰਘ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਖਸਤਾ ਹਾਲਤ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਸੂਬਾ ਸਕੱਤਰ ਰੰਜਮ ਕਾਮਰਾ ਨੇ ਸਕੂਲ ਦਾ ਦੌਰਾ ਕਰਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ, ਜਦਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਸਰਕਾਰ ਦਾ ਪੱਖ ਰੱਖਦਿਆਂ ਸਕੂਲ ਦੀ ਇਮਾਰਤ ਸਬੰਧੀ ਕੀਤੀ ਗਈ ਕਾਰਵਾਈ ਅਤੇ ਨਵੇਂ ਕਲਾਸਰੂਮਾਂ ਲਈ ਮਨਜ਼ੂਰ ਰਾਸ਼ੀ ਦੇ ਵੇਰਵੇ ਸਾਂਝੇ ਕੀਤੇ ਹਨ। ਰੰਜਮ ਕਾਮਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬਸਤੀ ਹਜ਼ੂਰ ਸਿੰਘ ਦੇ ਸਰਕਾਰੀ ਸਕੂਲ ਦੀ ਮੌਜੂਦਾ ਹਾਲਤ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਦੀ ਹਾਲਤ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਪੰਜਾਬ ਦਾ ਭਵਿੱਖ ਹਨ। ਉਨ੍ਹਾਂ ਨੂੰ ਸੁਰੱਖਿਅਤ ਇਮਾਰਤ, ਸਾਫ਼-ਸੁਥਰਾ ਵਾਤਾਵਰਨ, ਪੀਣ ਵਾਲਾ ਪਾਣੀ, ਪਖਾਨੇ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਸ਼ਹਿਰ ਦੇ ਅੰਦਰ ਨਾ ਕਿ ਸਰਹੱਦੀ ਇਲਾਕੇ ’ਚ ਲਗਦਾ ਅਫਸਰ ਉਣਾ ਨੂੰ ਸਹੀ ਜਾਣਕਾਰੀ ਮੁਹਈਆ ਨਹੀਂ ਕਰਵਾ ਰਹੇ। ਉਣਾ ਕਿਹਾ ਕਿ ਸਿਰਫ਼ ਇਸ਼ਤਿਹਾਰਾਂ ਅਤੇ ਬਿਆਨਾਂ ਰਾਹੀਂ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਨਹੀਂ ਬਣਾਇਆ ਜਾ ਸਕਦਾ, ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਜ਼ਰੂਰੀ ਹੈ। ਰੰਜਮ ਕਾਮਰਾ ਨੇ ਕਿਹਾ ਕਿ ਜੇਕਰ ਸਕੂਲ ਦੀ ਇਮਾਰਤ ਦੀ ਮੁਰੰਮਤ ਜਾਂ ਨਵੀਂ ਇਮਾਰਤ ਸਬੰਧੀ ਹੁਕਮ ਜਾਰੀ ਹੋਣ ਦੇ ਬਾਵਜੂਦ ਕੰਮ ਲੰਮਾ ਸਮਾਂ ਲਟਕਿਆ ਰਹੇ ਤਾਂ ਇਹ ਸਰਕਾਰ ਅਤੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਦੀ ਇਮਾਰਤ ਅਤੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਤੁਰੰਤ ਜਾਂਚ ਕਰਕੇ ਲੋੜੀਂਦਾ ਕੰਮ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ। 3 ਕਮਰੇ ਅਸੁਰੱਖਿਅਤ ਐਲਾਨੇ, 28.65 ਲੱਖ ਨਾਲ ਬਣਨਗੇ ਨਵੇਂ ਕਲਾਸਰੂਮ : ਬੈਂਸ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2025 ਦੀਆਂ ਹੜ੍ਹਾਂ ਤੋਂ ਬਾਅਦ ਸਕੂਲ ਦੀ ਵਿਸ਼ੇਸ਼ ਜਾਂਚ ਦੌਰਾਨ ਤਿੰਨ ਕਮਰੇ ਅਸੁਰੱਖਿਅਤ ਪਾਏ ਗਏ ਸਨ, ਜਿਨ੍ਹਾਂ ਨੂੰ 8 ਦਸੰਬਰ 2025 ਨੂੰ ਅਸੁਰੱਖਿਅਤ ਐਲਾਨ ਕੇ ਢਾਹੁਣ ਦੇ ਹੁਕਮ ਦਿੱਤੇ ਗਏ। ਬੱਚਿਆਂ ਦੀ ਸੁਰੱਖਿਆ ਲਈ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨੇੜਲੇ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ, ਜਦਕਿ ਬਾਕੀ ਵਿਦਿਆਰਥੀ ਦੋ ਸੁਰੱਖਿਅਤ ਕਮਰਿਆਂ ਵਿੱਚ ਪੜ੍ਹ ਰਹੇ ਹਨ। ਬੈਂਸ ਨੇ ਦੱਸਿਆ ਕਿ ਤਿੰਨ ਨਵੇਂ ਕਲਾਸਰੂਮਾਂ ਦੀ ਉਸਾਰੀ ਲਈ 28.65 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਕੰਮ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਪੁਰਾਣੀਆਂ ਵੀਡੀਓਜ਼ ਤੇ ਖ਼ਬਰਾਂ ਸਾਂਝੀਆਂ ਕਰਨ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਸਰਕਾਰ ਸਕੂਲਾਂ ਦੀ ਸੁਰੱਖਿਆ ਅਤੇ ਸਿੱਖਿਆ ਦੇ ਸੁਧਾਰ ਲਈ ਲਗਾਤਾਰ ਕੰਮ ਕਰ ਰਹੀ ਹੈ।