ਨਗਰ ਕੌਂਸਲ ਦੇ ਭਾਜਪਾ ਬੋਰਡ ਨੇ ਵਾਰਡ ’ਚ ਸਮੱਸਿਆਵਾਂ ਦਾ ਲਿਆ ਜਾਇਜ਼ਾ ਨਗਰ ਕੌਂਸਲ ਦੇ ਭਾਜਪਾ ਬੋਰਡ ਵੱਲੋਂ ਹਰ ਵਾਰਡ ਵਿੱਚ ਪਹੁੰਚ ਕਰਕੇ ਸਮੱਸਿਆਵਾਂ ਦਾ ਜਾਇਜ਼ਾ
Publish Date: Wed, 09 Sep 2026 03:58 PM (IST)
Updated Date: Wed, 09 Sep 2026 03:58 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਦੇ ਭਾਜਪਾ ਬੋਰਡ ਨੇ ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਅਗਵਾਈ ਹੇਠ ਵੱਖ-ਵੱਖ ਵਾਰਡਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਰਹੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਅਨੀਤਾ ਜੈਰਥ ਦੇ ਪਤੀ ਤੇ ਸੀਨੀਅਰ ਭਾਜਪਾ ਆਗੂ ਅਸ਼ੋਕ ਜੈਰਥ ਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਤਿੰਨ ਵਾਰਡਾਂ ’ਚ ਸਬੰਧਤ ਕੌਂਸਲਰਾਂ ਤੋਂ ਵਾਰਡ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਵਾਰਡ ਨੰਬਰ 20 ’ਚ ਕੌਂਸਲਰ ਸੁਰੱਖਿਆ ਗੁਪਤਾ ਦੇ ਪਤੀ ਤੇ ਸਾਬਕਾ ਕੌਂਸਲਰ ਡਾ. ਰਾਕੇਸ਼ ਗੁਪਤਾ ਨੇ ਉਨ੍ਹਾਂ ਨੂੰ ਵਾਰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸੇ ਤਰ੍ਹਾਂ ਵਾਰਡ ਨੰਬਰ 13 ਤੇ ਵਾਰਡ ਨੰਬਰ 15 ਦੇ ਕੌਂਸਲਰ ਅੰਕੁਸ਼ ਫੁਟੇਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਟੀਮ ਵੱਲੋਂ ਸਫ਼ਾਈ ਵਿਵਸਥਾ ਤੇ ਮੁਰੰਮਤ ਵਾਲੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕੰਮ ਜਲਦ ਕਰਵਾਉਣ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਅਸ਼ੋਕ ਜੈਰਥ ਨੇ ਕਿਹਾ ਕਿ ਅਨੀਤਾ ਜੈਰਥ ਦੀ ਅਗਵਾਈ ਹੇਠ ਭਾਜਪਾ ਦੀ ਪੂਰੀ ਟੀਮ ਇਕਜੁੱਟ ਹੈ ਅਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਰ ਵਾਰਡ ਵਿੱਚ ਪਹੁੰਚ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਜਾਣੀਆਂ ਜਾ ਰਹੀਆਂ ਹਨ ਅਤੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਂਸਲਰਾਂ ਵਾਲੇ ਵਾਰਡਾਂ ਦੇ ਨਾਲ-ਨਾਲ ਉਨ੍ਹਾਂ ਵਾਰਡਾਂ ਵਿੱਚ ਵੀ ਜਾ ਕੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿੱਥੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਕੌਂਸਲਰ ਹਨ। ਬਿਨਾਂ ਕਿਸੇ ਭੇਦਭਾਵ ਤੋਂ ਹਰ ਵਾਰਡ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੀ ਟੀਮ ਦਾ ਮੁੱਖ ਉਦੇਸ਼ ਹੈ। ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਬੋਰਡ ਦੇ ਗਠਨ ਦੇ ਨਾਲ ਹੀ ਭਾਜਪਾ ਦੀ ਪੂਰੀ ਟੀਮ ਨੇ ਸਾਬਕਾ ਪ੍ਰਧਾਨਾਂ ਅਤੇ ਮੌਜੂਦਾ ਕੌਂਸਲ ਦੇ ਸਾਰੇ ਕੌਂਸਲਰਾਂ ਨਾਲ ਮਿਲ ਕੇ ਕੰਮ ਕਰਨ ਦੀ ਦਿਸ਼ਾ ਵਿੱਚ ਯਤਨ ਸ਼ੁਰੂ ਕਰ ਦਿੱਤੇ ਸਨ, ਜਿਸ ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।