ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਮੰਗਾਂ ਤੋਂ ਭਗੌੜੀ ਭਗਵੰਤ ਸਰਕਾਰ : ਸਾਂਝੀ ਤਾਲਮੇਲ ਕਮੇਟੀ ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਮੰਗਾਂ ਤੋਂ ਭਗੌੜੀ ਭਗਵੰਤ ਸਰਕਾਰ : ਸਾਂਝੀ ਤਾਲਮੇਲ ਕਮੇਟੀ
Publish Date: Sat, 29 Aug 2026 04:02 PM (IST)
Updated Date: Sat, 29 Aug 2026 04:04 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਮੁਲਾਜ਼ਮ ਮੰਚ ਪੰਜਾਬ ਤੇ ਪੰਜਾਬ ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਦਿੱਤੇ ਸੱਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁੱਖ ਗੇਟ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਧਮਕੀ ਭਰੇ ਪੱਤਰਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਕਨਵੀਨਰ ਹਰਭਜਨ ਸਿੰਘ ਖੁੰਗਰ, ਦਲਜੀਤ ਸਿੰਘ ਸਭਰਵਾਲ, ਸੁਨੀਲ ਕੁਮਾਰ, ਮਹਿੰਦਰ ਕੋੜਿਆ ਵਾਲੀ, ਪਰਮਜੀਤ ਸ਼ੋਰੇਵਾਲ, ਬਲਰਾਮ ਪਾਵਰਕਾਮ, ਸੁਖਦੇਵ ਚੰਦ ਕਬੋਜ, ਸਤਨਾਮ ਚੰਦ, ਗੁਰਮੀਤ ਸਿੰਘ ਪੁਲਿਸ ਵੈਲਫੇਅਰ ਪੈਨਸ਼ਨਰਜ਼ ਐਸੋਸੀਏਸ਼ਨ, ਗੁਰਵਿੰਦਰ ਸਿੰਘ ਅਤੇ ਕੁਲਵੰਤ ਰਾਏ ਗਾਬਾ ਦੀ ਅਗਵਾਈ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਰ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 27 ਅਗਸਤ ਨੂੰ ਪੀਏਪੀ ਜਲੰਧਰ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਮੁੱਖ ਮੰਤਰੀ ਵੱਲੋਂ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਮੌਕੇ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਮੰਗ ਕੀਤੀ ਕਿ 18 ਫ਼ੀਸਦੀ ਡੀਏ ਜਾਰੀ ਕੀਤਾ ਜਾਵੇ, ਪੈਨਸ਼ਨਰਾਂ ’ਤੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਤੋਂ ਇਲਾਵਾ ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਮਾਣ-ਭੱਤੇ ’ਤੇ ਕੰਮ ਕਰ ਰਹੀਆਂ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਦੀ ਮੰਗ ਵੀ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਰਾਜ ਕੰਵਰ ਦੀਵਾਨ, ਰਵਿੰਦਰ ਪਾਲ ਸਿੰਘ, ਹਰੀਸ਼ ਚੰਦਰ ਕਬੋਜ, ਸਰਵਨ ਸਿੰਘ, ਸੁਰਿੰਦਰਪਾਲ ਮਦਾਨ, ਹਰਭਜਨ ਲਾਲ ਕਬੋਜ ਪਾਵਰਕਾਮ, ਅਧਿਆਪਕ ਆਗੂ ਦੁਪਿੰਦਰ ਸਿੰਘ ਢਿੱਲੋਂ, ਹਰੀਸ਼ ਕੁਮਾਰ, ਮਨਿਸਟਰੀਅਲ ਆਗੂ ਅਸ਼ੋਕ ਕੁਮਾਰ, ਅਮਰਜੀਤ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਹਾਜ਼ਰ ਸਨ।