ਸੋਹਣਾ ਸਾਂਦੜ ’ਚ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਮੀਟਿੰਗ ਪਿੰਡ ਸੋਹਣਾ ਸਾਂਦੜ ਵਿਖੇ ਝੋਨੇ ਦੀ ਰਹਿੰਦ-ਖੂੰਹਦ ਨਾ ਸਾੜਨ ਸਬੰਧੀ ਜਾਗਰੂਕਤਾ ਮੀਟਿੰਗ ਦਾ ਆਯੋਜਨ
Publish Date: Thu, 08 Oct 2026 04:37 PM (IST)
Updated Date: Fri, 09 Oct 2026 04:03 AM (IST)
-ਸੁਪਰਵਾਈਜ਼ਰ, ਕਲਸਟਰ ਅਫੀਸਰਜ਼ ਤੇ ਨੋਡਲ ਅਫੀਸਰਜ਼ ਨੇ ਲਿਆ ਭਾਗ ਹੈਪੀ ਕਾਠਪਾਲ. ਪੰਜਾਬੀ ਜਾਗਰਣ, ਜਲਾਲਾਬਾਦ : ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਐਸ.ਡੀ.ਐਮ. ਜਲਾਲਾਬਾਦ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਪਿੰਡ ਸੋਹਣਾ ਸਾਂਦੜ ਵਿਖੇ ਜਾਗਰੂਕਤਾ ਮੀਟਿੰਗ ਕੀਤੀ ਗਈ। ਇਹ ਮੀਟਿੰਗ ਈ.ਓ. ਰੋਹਿਤ ਕੜਵਾਸਰਾ, ਉਪ ਮੰਡਲ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਨੀਸ਼ ਕੁਮਾਰ ਅਤੇ ਮੰਡਲ ਇੰਜੀਨੀਅਰ ਇੰਜੀਨੀਅਰ ਗਰਾਊਂਡ ਵਾਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਨੋਡਲ ਅਫਸਰਾਂ ਦਰਮਿਆਂਨ ਹੋਈ। ਮੀਟਿੰਗ ਦੌਰਾਨ ਪਿੰਡ ਵਾਸੀਆਂ ਅਤੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸਦੇ ਸੁਚੱਜੇ ਪ੍ਰਬੰਧਨ ਸਬੰਧੀ ਪ੍ਰਾਪਤ ਹਦਾਇਤਾਂ ਦੀ ਇਨ-ਬਿਨ ਪਾਲਣਾ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਪਰਵਾਈਜ਼ਰ ਅਤੇ ਕਲਸਟਰ ਅਧਿਕਾਰੀਆਂ ਨੇ ਦੱਸਿਆ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵੱਡੀ ਮਾਤਰਾ ਵਿੱਚ ਧੂੰਆਂ ਅਤੇ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਹਵਾ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਮਨੁੱਖੀ ਸਿਹਤ, ਪਸ਼ੂ-ਪੰਛੀਆਂ ਅਤੇ ਵਾਤਾਵਰਣ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਅੱਗ ਲਗਾਉਣ ਨਾਲ ਮਿੱਟੀ ਵਿੱਚ ਮੌਜੂਦ ਉਪਜਾਊ ਤੱਤ ਅਤੇ ਲਾਭਦਾਇਕ ਸੂਖਮ ਜੀਵ ਨਸ਼ਟ ਹੋਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ। ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਵਾਤਾਵਰਣ ਦੀ ਸ਼ੁੱਧਤਾ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਹਤਮੰਦ ਭਵਿੱਖ ਲਈ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਅੱਗ ਤੋਂ ਬਚਾਉਣ ਲਈ ਕਿਸਾਨਾਂ ਅਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰਾਪਤ ਹਦਾਇਤਾਂ ਅਨੂੰਸਾਰ ਸਬੰਧਿਤ ਨੋਡਲ ਅਫਸਰਾਂ ਨੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਕੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਨੋਡਲ ਅਫ਼ਸਰ ਤੋਂ ਇਲਾਵਾ ਪ੍ਰੀਤਮ ਸਿੰਘ ਜੇ.ਈ,ਸ੍ਰੀ ਵਿਕਰਮ ਕਟਾਰੀਆ ਜੇ.ਈ ਅਤੇ ਰਜਿੰਦਰ ਸਿੰਘ ਜੇ.ਈ ਆਦਿ ਵੀ ਹਾਜਰ ਸਨ।