ਫਾਜ਼ਿਲਕਾ ਐਂਟੀ ਫ਼ਰਾਡ ਸੈੱਲ ਦਾ ਇੰਚਾਰਜ ASI ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਇਸੇ ਸਾਲ ਹੋਣਾ ਸੀ ਸੇਵਾਮੁਕਤ
ਜਾਣਕਾਰੀ ਅਨੁਸਾਰ ਐਂਟੀ ਫਰਾਡ ਸੈੱਲ ਕੋਲ ਦੋ ਧਿਰਾਂ ਵਿਚਾਲੇ ਕਰੀਬ 11 ਤੋਂ 12 ਲੱਖ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਮਾਮਲਾ ਪਹੁੰਚਿਆ ਸੀ। ਦੋਸ਼ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਹਰਕੇਸ਼ ਸ਼ਰਮਾ ਨੇ ਇੱਕ ਧਿਰ ਦੇ ਹੱਕ ਵਿੱਚ ਕਾਰਵਾਈ ਕਰਨ ਅਤੇ ਮਾਮਲੇ ਨੂੰ ਉਨ੍ਹਾਂ ਦੇ ਪੱਖ ’ਚ ਨਿਪਟਾਉਣ ਦਾ ਭਰੋਸਾ ਦੇ ਕੇ ਇਸ ਬਦਲੇ ਰਿਸ਼ਵਤ ਦੀ ਮੰਗ ਕੀਤੀ।
Publish Date: Sat, 08 Aug 2026 11:17 AM (IST)
Updated Date: Sat, 08 Aug 2026 11:21 AM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਫਰੀਦਕੋਟ ਦੀ ਟੀਮ ਨੇ ਫਾਜ਼ਿਲਕਾ ’ਚ ਕਾਰਵਾਈ ਕਰਦਿਆਂ ਐਂਟੀ ਫਰਾਡ ਸੈੱਲ ਦੇ ਇੰਚਾਰਜ ਏ.ਐੱਸ.ਆਈ. ਹਰਕੇਸ਼ ਸ਼ਰਮਾ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵੱਲੋਂ ਇਹ ਕਾਰਵਾਈ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਟਰੈਪ ਲਗਾ ਕੇ ਕੀਤੀ ਗਈ।
ਜਾਣਕਾਰੀ ਅਨੁਸਾਰ ਐਂਟੀ ਫਰਾਡ ਸੈੱਲ ਕੋਲ ਦੋ ਧਿਰਾਂ ਵਿਚਾਲੇ ਕਰੀਬ 11 ਤੋਂ 12 ਲੱਖ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਮਾਮਲਾ ਪਹੁੰਚਿਆ ਸੀ। ਦੋਸ਼ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਹਰਕੇਸ਼ ਸ਼ਰਮਾ ਨੇ ਇੱਕ ਧਿਰ ਦੇ ਹੱਕ ਵਿੱਚ ਕਾਰਵਾਈ ਕਰਨ ਅਤੇ ਮਾਮਲੇ ਨੂੰ ਉਨ੍ਹਾਂ ਦੇ ਪੱਖ ’ਚ ਨਿਪਟਾਉਣ ਦਾ ਭਰੋਸਾ ਦੇ ਕੇ ਇਸ ਬਦਲੇ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤ ਮਿਲਣ ’ਤੇ ਵਿਜੀਲੈਂਸ ਨੇ ਲਾਇਆ ਟਰੈਪ
ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤਕਰਤਾ ਰਿਸ਼ਵਤ ਦੇਣ ਦੇ ਹੱਕ ’ਚ ਨਹੀਂ ਸੀ, ਜਿਸ ਤੋਂ ਬਾਅਦ ਉਸ ਵੱਲੋਂ ਮਾਮਲੇ ਦੀ ਲਿਖਤੀ ਸ਼ਿਕਾਇਤ ਵਿਜੀਲੈਂਸ ਬਿਊਰੋ ਫਰੀਦਕੋਟ ਨੂੰ ਦਿੱਤੀ ਗਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਟਰੈਪ ਲਗਾਇਆ। ਜਿਵੇਂ ਹੀ ਏ.ਐੱਸ.ਆਈ. ਹਰਕੇਸ਼ ਸ਼ਰਮਾ ਤੈਅ ਰਣਨੀਤੀ ਅਨੁਸਾਰ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਰਿਸ਼ਵਤ ਦੀ ਰਕਮ ਲੈਂਦਾ ਪਹੁੰਚਿਆ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਕਥਿਤ ਤੌਰ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ।
ਐੱਸਐੱਸਪੀ ਦਫ਼ਤਰ ’ਚ ਕਈ ਘੰਟੇ ਚੱਲੀ ਕਾਰਵਾਈ
ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦੀ ਟੀਮ ਏਐੱਸਆਈ ਹਰਕੇਸ਼ ਸ਼ਰਮਾ ਨੂੰ ਫਾਜ਼ਿਲਕਾ ਸਥਿਤ ਐੱਸ.ਐੱਸ.ਪੀ. ਦਫ਼ਤਰ ਦੀ ਦੂਜੀ ਮੰਜ਼ਿਲ ’ਤੇ ਸਥਿਤ ਐਂਟੀ ਫਰਾਡ ਸੈੱਲ ਦੇ ਦਫ਼ਤਰ ਲੈ ਕੇ ਪਹੁੰਚੀ। ਇੱਥੇ ਕਈ ਘੰਟਿਆਂ ਤੱਕ ਮਾਮਲੇ ਨਾਲ ਸਬੰਧਤ ਕਾਗਜ਼ੀ ਅਤੇ ਕਾਨੂੰਨੀ ਕਾਰਵਾਈ ਮੁਕੰਮਲ ਕੀਤੀ ਗਈ।
ਫਰੀਦਕੋਟ ਲੈ ਕੇ ਗਈ ਵਿਜੀਲੈਂਸ ਟੀਮ
ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਮੁਲਜ਼ਮ ਏ.ਐੱਸ.ਆਈ. ਨੂੰ ਅਗਲੀ ਕਾਨੂੰਨੀ ਕਾਰਵਾਈ ਅਤੇ ਅਦਾਲਤ ’ਚ ਪੇਸ਼ ਕਰਨ ਲਈ ਫਰੀਦਕੋਟ ਲੈ ਗਈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ ਜਾਂ ਨਹੀਂ।
ਦੱਸਿਆ ਜਾ ਰਿਹਾ ਹੈ ਕਿ ਏਐੱਸਆਈ ਹਰਕੇਸ਼ ਸ਼ਰਮਾ ਨੇ ਇਸੇ ਸਾਲ ਸੇਵਾਮੁਕਤ ਹੋਣਾ ਸੀ।