ਪਟਾਕੇ ਵੇਚਣ ਲਈ 16 ਤੋਂ 21 ਤੱਕ ਦਿਓ ਅਰਜ਼ੀਆਂ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਵਾਸਤੇ 16 ਤੋਂ 21 ਅਕਤੂਬਰ ਤੱਕ ਦੇ ਸਕਣਗੇ ਅਰਜ਼ੀਆਂ
Publish Date: Thu, 15 Oct 2026 05:12 PM (IST)
Updated Date: Fri, 16 Oct 2026 04:01 AM (IST)
-ਫ਼ਾਜ਼ਿਲਕਾ ’ਚ 67 ਆਰਜ਼ੀ ਲਾਇਸੰਸ ਕੀਤੇ ਜਾਣਗੇ ਜਾਰੀ, 28 ਅਕਤੂਬਰ ਨੂੰ ਡਰਾਅ ਰਾਹੀਂ ਹੋਵੇਗੀ ਚੋਣ -ਲਾਇਸੰਸ ਧਾਰਕ ਹੀ ਕਰ ਸਕਣਗੇ ਪਟਾਕਿਆਂ ਦੀ ਵਿਕਰੀ, ਸਵੇਰੇ 10 ਤੋਂ ਸ਼ਾਮ 7:30 ਵਜੇ ਤੱਕ ਹੋਵੇਗੀ ਵਿਕਰੀ ਰਮਨ ਕੁਮਾਰ, ਪੰਜਾਬੀ ਜਾਗਰਣ, ਫ਼ਾਜ਼ਿਲਕਾ : ਦੀਵਾਲੀ ਸਮੇਤ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਦੇ ਚਾਹਵਾਨ ਬਿਨੈਕਾਰ 16 ਅਕਤੂਬਰ ਤੋਂ 21 ਅਕਤੂਬਰ 2026 ਤੱਕ ਆਪਣੀਆਂ ਅਰਜ਼ੀਆਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਸੇਵਾ ਕੇਂਦਰਾਂ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆ ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ਼ 2017 ਵਿੱਚ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਦੀਵਾਲੀ ਵਾਲੇ ਦਿਨ 8 ਨਵੰਬਰ 2026 ਨੂੰ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11:55 ਵਜੇ ਤੋਂ ਅਗਲੇ ਦਿਨ 12:30 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਪ੍ਰਾਪਤ ਅਰਜ਼ੀਆਂ ਵਿੱਚੋਂ 28 ਅਕਤੂਬਰ 2026 ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਫ਼ਾਜ਼ਿਲਕਾ ਦੇ ਮੀਟਿੰਗ ਹਾਲ ਵਿੱਚ ਡਰਾਅ ਰਾਹੀਂ ਲਾਇਸੰਸ ਧਾਰਕਾਂ ਦੀ ਚੋਣ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਕੁੱਲ 67 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣਗੇ। ਇਨ੍ਹਾਂ ਵਿੱਚ ਫ਼ਾਜ਼ਿਲਕਾ ਲਈ 18, ਅਬੋਹਰ ਲਈ 25, ਜਲਾਲਾਬਾਦ ਲਈ 18 ਅਤੇ ਅਰਨੀਵਾਲਾ ਸ਼ੇਖ ਸੁਭਾਨ ਲਈ 6 ਲਾਇਸੰਸ ਸ਼ਾਮਲ ਹਨ। ਲਾਇਸੰਸ ਧਾਰਕਾਂ ਲਈ ਪਟਾਕੇ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵਿਭਾਗ ਵੱਲੋਂ ਐਕਸਪਲੋਸਿਵ ਰੂਲਜ਼, 2008 ਤਹਿਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਵੱਖ-ਵੱਖ ਸ਼ਹਿਰਾਂ ਵਿੱਚ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਫ਼ਾਜ਼ਿਲਕਾ ਵਿੱਚ ਨਵਾਂ ਬੱਸ ਸਟੈਂਡ, ਅਬੋਹਰ ਵਿੱਚ ਪੁੱਡਾ ਕਲੋਨੀ, ਫ਼ਾਜ਼ਿਲਕਾ ਰੋਡ, ਜਲਾਲਾਬਾਦ ਵਿੱਚ ਬਹੁਮੰਤਵੀ ਖੇਡ ਸਟੇਡੀਅਮ (ਪਲੇਅ ਗਰਾਊਂਡ ਏਰੀਏ ਨੂੰ ਛੱਡ ਕੇ) ਅਤੇ ਅਰਨੀਵਾਲਾ ਸ਼ੇਖ ਸੁਭਾਨ ਵਿੱਚ ਥਾਣੇ ਦੇ ਨਾਲ ਲੱਗਦੀ ਪੰਚਾਇਤੀ ਜਗ੍ਹਾ ’ਤੇ ਪਟਾਕਿਆਂ ਦੀ ਵਿਕਰੀ ਕੀਤੀ ਜਾ ਸਕੇਗੀ।