51,500 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਪੰਚਕੂਲਾ ਦੇ ਦੋ ਮੁਲਜ਼ਮ ਗ੍ਰਿਫ਼ਤਾਰ ਜਲਾਲਾਬਾਦ ਵਿੱਚ ਨਸ਼ਾ ਤਸਕਰੀ ਦੇ ਨੈੱਟਵਰਕ ’ਤੇ ਏਐਨਟੀਐਫ ਦਾ ਸ਼ਿਕੰਜਾ, 51,500 ਨਸ਼ੀਲੀਆਂ ਗੋਲੀਆਂ ਸਮੇਤ ਪੰਚਕੂਲਾ ਦੇ ਦੋ ਵਿਅਕਤੀ ਗ੍ਰਿਫ਼ਤਾਰ
Publish Date: Tue, 20 Oct 2026 04:42 PM (IST)
Updated Date: Tue, 20 Oct 2026 04:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਬਠਿੰਡਾ ਰੇਂਜ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ 51 ਹਜ਼ਾਰ 500 ਪਾਬੰਦੀਸ਼ੁਦਾ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪਿੰਡ ਲਾਧੂ ਵਾਲਾ ਉਤਾੜ ਨੇੜੇ ਨਹਿਰਾਂ ਕੋਲ ਨਾਕਾਬੰਦੀ ਦੌਰਾਨ ਮਹਿੰਦਰਾ ਮੈਕਸ ਗੱਡੀ ਦੀ ਤਲਾਸ਼ੀ ਲੈ ਕੇ ਇਹ ਖੇਪ ਬਰਾਮਦ ਕੀਤੀ। ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ ਹਰਿਆਣਾ ਦੇ ਪੰਚਕੂਲਾ ਦੇ ਰਹਿਣ ਵਾਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਰਾਜਸਥਾਨ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਜਲਾਲਾਬਾਦ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ, ਏਐਨਟੀਐਫ ਬਠਿੰਡਾ ਰੇਂਜ ਦੇ ਪੁਲਿਸ ਉਪ ਕਪਤਾਨ ਹਰਪ੍ਰੀਤ ਸਿੰਘ ਪੀਪੀਐਸ ਦੇ ਨਿਰਦੇਸ਼ਾਂ ’ਤੇ ਇੰਸਪੈਕਟਰ ਕੁਲਬੀਰ ਸਿੰਘ ਸੋਢੀ ਦੀ ਅਗਵਾਈ ਹੇਠ ਏਐਸਆਈ ਗੁਰਨੈਬ ਸਿੰਘ ਸਮੇਤ ਪੁਲਿਸ ਟੀਮ ਨੇ ਥਾਣਾ ਵੈਰੋਕੇ ਅਧੀਨ ਆਉਂਦੇ ਪਿੰਡ ਲਾਧੂ ਵਾਲਾ ਉਤਾੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀ ਮਹਿੰਦਰਾ ਮੈਕਸ ਗੱਡੀ ਨੰਬਰ ਐਚਆਰ 68ਸੀ 3697 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਪੁਲਿਸ ਵੱਲੋਂ ਗੱਡੀ ਦੀ ਤਲਾਸ਼ੀ ਲੈਣ ’ਤੇ ਪਿਛਲੇ ਹਿੱਸੇ ਵਿੱਚ ਰੱਖੇ ਦੋ ਡੱਬਿਆਂ ਵਿੱਚੋਂ 51,500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਨਸ਼ੀਲੀਆਂ ਗੋਲੀਆਂ ਨੂੰ ਕਬਜ਼ੇ ਵਿੱਚ ਲੈ ਕੇ ਗੱਡੀ ਸਵਾਰ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮਨੀਸ਼ ਪੁੱਤਰ ਰਵੀ ਅਤੇ ਅਨਿਲ ਕੁਮਾਰ ਪੁੱਤਰ ਗੋਬਿੰਦ ਰਾਮ, ਦੋਵੇਂ ਵਾਸੀ ਪੰਚਕੂਲਾ, ਹਰਿਆਣਾ ਵਜੋਂ ਹੋਈ ਹੈ। ਸਪਲਾਈ ਨੈੱਟਵਰਕ ਕੜੀਆਂ ਜੋੜਨ ’ਚ ਲੱਗੀ ਪੁਲਿਸ ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਕਥਿਤ ਤੌਰ ’ਤੇ ਰਾਜਸਥਾਨ ਤੋਂ ਨਸ਼ੀਲੀਆਂ ਗੋਲੀਆਂ ਦੀ ਖੇਪ ਲਿਆ ਕੇ ਜਲਾਲਾਬਾਦ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਹੁਣ ਇਸ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਜੁਟੀ ਹੋਈ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਸ਼ੀਲੀਆਂ ਗੋਲੀਆਂ ਦੀ ਖੇਪ ਕਿਸ ਨੇ ਮੰਗਵਾਈ ਸੀ ਅਤੇ ਇਸ ਨੂੰ ਅੱਗੇ ਕਿਹੜੇ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ। ਇਸ ਤੋਂ ਇਲਾਵਾ ਗੋਲੀਆਂ ਦੇ ਸਰੋਤ ਅਤੇ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਨਾਲ ਜੁੜੀਆਂ ਹੋਰ ਕੜੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।