ਪੀਰ ਬਾਬਾ ਮੁਹੰਮਦ ਪਨਾਹ ਦੀ ਸਮਾਧ 'ਤੇ ਸਾਲਾਨਾ ਮੇਲਾ ਕਰਵਾਇਆ
ਪੀਰ ਬਾਬਾ ਮੁਹੰਮਦ ਪਨਾਹ ਦੀ ਸਮਾਧ 'ਤੇ ਸਾਲਾਨਾ ਮੇਲੇ ਦਾ ਭਰਵਾਂ ਆਯੋਜਨ
Publish Date: Sat, 04 Apr 2026 05:19 PM (IST)
Updated Date: Sat, 04 Apr 2026 05:22 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਸਰਹੱਦੀ ਪਿੰਡ ਹੌਜ ਗੰਧੜ ਤੇ ਢਾਣੀ ਚਾਂਦੀ ਰਾਮ ਸਥਿਤ ਪੀਰ ਬਾਬਾ ਮੁਹੰਮਦ ਪਨਾਹ ਦੀ ਪਾਵਨ ਸਮਾਧ ਤੇ ਸਾਲਾਨਾ ਮੇਲਾ ਕਰਵਾਇਆ ਗਿਆ। ਮੇਲੇ ਦੇ ਪਹਿਲੇ ਪੜਾਅ ਵਿੱਚ ਖੇਡ ਗਤੀਵਿਧੀਆਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ। ਇਸ ਦੌਰਾਨ ਕਬੱਡੀ ਅਤੇ ਕੁਸ਼ਤੀ ਦੇ ਵਿਸ਼ੇਸ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਖੇਤਰ ਦੇ ਨਾਮੀ ਖਿਡਾਰੀਆਂ ਅਤੇ ਪਹਿਲਵਾਨਾਂ ਨੇ ਜ਼ੋਰ-ਅਜ਼ਮਾਇਸ਼ ਕੀਤੀ। ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਕੁਸ਼ਤੀ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਟੀਮਾਂ ਨੂੰ ਵੱਡੇ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਦੋ ਦਿਨ ਚੱਲੇ ਇਸ ਆਯੋਜਨ ਦੌਰਾਨ ਸ਼ਰਧਾਲੂਆਂ ਲਈ ਅਟੁੱਟ ਲੰਗਰ ਦੀ ਸੇਵਾ ਵੀ ਜਾਰੀ ਰਹੀ। ਮੇਲੇ ਦੌਰਾਨ ਆਯੋਜਿਤ ਸੱਭਿਆਚਾਰਕ ਮੰਚ ਤੇ ਪ੍ਰਸਿੱਧ ਪੰਜਾਬੀ ਗਾਇਕ ਮਾਸ਼ਾ ਅਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਗਾਇਕ ਮਾਸ਼ਾ ਅਲੀ ਦੀ ਮੌਜੂਦਗੀ ਨੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਉਨ੍ਹਾਂ ਦੇ ਪਹੁੰਚਣ ਤੇ ਸ਼ਰਧਾਲੂਆਂ ਅਤੇ ਸਥਾਨਕ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਮਾਸ਼ਾ ਅਲੀ ਨੇ ਆਪਣੀ ਗਾਇਕੀ ਰਾਹੀਂ ਮਾਹੌਲ ਨੂੰ ਰੂਹਾਨੀ ਅਤੇ ਸੂਫ਼ੀਆਨਾ ਰੰਗ ਵਿੱਚ ਰੰਗ ਦਿੱਤਾ, ਜਿਸ ਨੂੰ ਸੁਣ ਕੇ ਹਾਜ਼ਰੀਨ ਝੂਮ ਉੱਠੇ। ਗਾਇਕ ਨੇ ਆਪਣੇ ਗੀਤਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਹਾਜ਼ਰੀਨ ਨੂੰ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।ਆਯੋਜਨ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਾਲਾਨਾ ਮੇਲਾ ਦਹਾਕਿਆਂ ਤੋਂ ਖੇਤਰ ਦੀ ਪਛਾਣ ਹੈ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਮੇਲੇ ਵਿੱਚ ਉਮੜੀ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਸ਼ਾਂਤੀ ਅਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ। ਸਮਾਪਤੀ ਸੈਸ਼ਨ ਵਿੱਚ ਗਾਇਕ ਮਾਸ਼ਾ ਅਲੀ ਨੂੰ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੇਲੇ ਦੀ ਵਿਧੀਵਤ ਸਮਾਪਤੀ ਦੇ ਨਾਲ ਹੀ ਸ਼ਰਧਾਲੂਆਂ ਨੇ ਬਾਬਾ ਜੀ ਤੋਂ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਅਤੇ ਆਪਸੀ ਭਾਈਚਾਰੇ ਨਾਲ ਪ੍ਰੋਗਰਾਮ ਸਮਾਪਤ ਹੋਇਆ।