- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਾਜ਼ਿਲਕਾ ਨਗਰ ਕੌਂਸਲ ਦੀ ਪ੍ਰਧਾਨ ਬਣੀ ਅਨੀਤਾ ਜੈਰਥ

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ
ਫ਼ਾਜ਼ਿਲਕਾ : ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਮੰਗਲਵਾਰ ਨੂੰ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸ਼ਾਂਤੀਪੂਰਨ ਮਾਹੌਲ ’ਚ ਸੰਪੰਨ ਹੋਈ। ਚੋਣ ਪ੍ਰਕਿਰਿਆ ਦੌਰਾਨ ਭਾਜਪਾ ਸਮਰਥਿਤ ਉਮੀਦਵਾਰ ਅਨੀਤਾ ਜੈਰਥ ਨੂੰ ਨਗਰ ਕੌਂਸਲ ਫ਼ਾਜ਼ਿਲਕਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ, ਜਦਕਿ ਭਗਵਾਨ ਦਾਸ ਸੀਨੀਅਰ ਵਾਈਸ ਪ੍ਰਧਾਨ ਤੇ ਰਾਣੀ ਦੇਵੀ ਵਾਈਸ ਪ੍ਰਧਾਨ ਚੁਣੇ ਗਏ। ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਚਾਰ ਕੌਂਸਲਰ ਤੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਦੀ ਗ਼ੈਰ-ਹਾਜ਼ਰੀ ਪੂਰੇ ਦਿਨ ਸਿਆਸੀ ਹਲਕਿਆਂ ’ਚ ਚਰਚਾ ਦਾ ਕੇਂਦਰ ਬਣੀ ਰਹੀ। ਚੋਣ ਪ੍ਰਕਿਰਿਆ ਨਗਰ ਕੌਂਸਲ ਦਫ਼ਤਰ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਰਵਾਈ ਗਈ। ਵੋਟਿੰਗ ਦੌਰਾਨ ਨਗਰ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਚੋਣ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।
ਚੋਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਏਡੀਸੀ ਜਗਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਚੋਣ ’ਚ ਭਾਜਪਾ ਦੇ 12 ਤੇ ਕਾਂਗਰਸ ਦੇ 9 ਕੌਂਸਲਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਹੱਥ ਖੜ੍ਹੇ ਕਰਵਾ ਕੇ ਕਰਵਾਈ ਗਈ। ਨਤੀਜਾ ਐਲਾਨਣ ਤੋਂ ਬਾਅਦ ਨਗਰ ਕੌਂਸਲ ਦਫ਼ਤਰ ਦੇ ਬਾਹਰ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਵਰਕਰਾਂ ਨੇ ਇੱਕ-ਦੂਜੇ ਨੂੰ ਲੱਡੂ ਖਿਲਾ ਕੇ ਵਧਾਈ ਦਿੱਤੀ ਅਤੇ ਜਿੱਤ ਦਾ ਜਸ਼ਨ ਮਨਾਇਆ। ਸਾਬਕਾ ਸਹਿਕਾਰਤਾ ਮੰਤਰੀ ਸੁਰਜੀਤ ਜਿਆਣੀ ਸਮੇਤ ਭਾਜਪਾ ਦੇ ਕਈ ਆਗੂਆਂ ਨੇ ਅਨੀਤਾ ਜੈਰਥ ਨੂੰ ਗੁਲਦਸਤੇ ਭੇਟ ਕਰ ਕੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
'ਆਪ' ਦੇ ਚਾਰ ਕੌਂਸਲਰ ਤੇ ਵਿਧਾਇਕ ਸਵਣਾ ਦੀ ਗੈਰਹਾਜ਼ਰੀ ਰਹੀ ਚਰਚਾ ਦਾ ਵਿਸ਼ਾ
ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਚਾਰ ਕੌਂਸਲਰਾਂ ਤੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਦੀ ਗ਼ੈਰ-ਹਾਜ਼ਰੀ ਪੂਰੇ ਦਿਨ ਸਿਆਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣੀ ਰਹੀ। ਚੋਣ ਤੋਂ ਪਹਿਲਾਂ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਸੱਤਾਧਾਰੀ ਪਾਰਟੀ ਦੇ ਸਾਰੇ ਨੁਮਾਇੰਦੇ ਚੋਣ ’ਚ ਸ਼ਾਮਲ ਹੋਣਗੇ, ਪਰ ਚੋਣ ਸ਼ੁਰੂ ਹੋਣ ਸਮੇਂ ਉਹ ਮੌਕੇ 'ਤੇ ਨਹੀਂ ਪਹੁੰਚੇ। ਉਨ੍ਹਾਂ ਦੀ ਗੈਰਹਾਜ਼ਰੀ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਤੇ ਸਿਆਸੀ ਹਲਕਿਆਂ ’ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਹਾਲਾਂਕਿ ਇਸ ਗ਼ੈਰਹਾਜ਼ਰੀ ਦਾ ਚੋਣ ਪ੍ਰਕਿਰਿਆ 'ਤੇ ਕੋਈ ਅਸਰ ਨਹੀਂ ਪਿਆ ਅਤੇ ਚੋਣ ਨਿਰਧਾਰਤ ਸਮੇਂ ਅਨੁਸਾਰ ਪੂਰੀ ਕਰ ਲਈ ਗਈ।