ਸਾਰਿਆਂ ਨੂੰ ਨਾਲ ਲੈ ਕੇ ਹੋਵੇਗਾ ਸ਼ਹਿਰ ਦਾ ਵਿਕਾਸ : ਅਨੀਤਾ ਜੈਰਥ ਸ਼ਹਿਰ ਦੀ ਕਮਾਨ ਸੰਭਾਲਣ ਨੂੰ ਤਿਆਰ ਅਨੀਤਾ ਜੈਰਥ, ਵਿਕਾਸ ਨੂੰ ਦਿੱਤੀ ਪਹਿਲੀ ਤਰਜੀਹ
Publish Date: Fri, 24 Jul 2026 06:10 PM (IST)
Updated Date: Fri, 24 Jul 2026 06:10 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ: ਫਾਜ਼ਿਲਕਾ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਸ਼ਹਿਰ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਨੀਤਾ ਜੈਰਥ ਦੇ ਰੂਪ ਵਿੱਚ ਮਹਿਲਾ ਪ੍ਰਧਾਨ ਮਿਲੀ ਹੈ। ਭਾਵੇਂ ਉਨ੍ਹਾਂ ਨੇ ਅਜੇ ਅਧਿਕਾਰਕ ਤੌਰ ’ਤੇ ਅਹੁਦਾ ਨਹੀਂ ਸੰਭਾਲਿਆ, ਪਰ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਉਨ੍ਹਾਂ ਸਾਹਮਣੇ ਸ਼ਹਿਰ ਦੀਆਂ ਸਾਲਾਂ ਪੁਰਾਣੀਆਂ ਸਮੱਸਿਆਵਾਂ ਦਾ ਵੱਡਾ ਅਜੰਡਾ ਹੈ। ਕਈ ਵਾਰਡ ਅਜੇ ਵੀ ਬੁਨਿਆਦੀ ਵਿਕਾਸ ਦੀ ਉਡੀਕ ਕਰ ਰਹੇ ਹਨ। ਮੁੱਖ ਬਾਜ਼ਾਰਾਂ ਵਿੱਚ ਟ੍ਰੈਫਿਕ ਜਾਮ, ਬਰਸਾਤ ਦੌਰਾਨ ਜਲ ਭਰਾਅ, ਸੀਵਰੇਜ ਜਾਮ, ਸਫ਼ਾਈ ਪ੍ਰਬੰਧ ਅਤੇ ਟੁੱਟੀਆਂ ਸੜਕਾਂ ਵਰਗੇ ਮੁੱਦੇ ਲੋਕਾਂ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਅਜਿਹੇ ਵਿੱਚ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਨਵੀਂ ਨਗਰ ਕੌਂਸਲ ਅਤੇ ਪਹਿਲੀ ਮਹਿਲਾ ਪ੍ਰਧਾਨ ਨਾਲ ਜੁੜ ਗਈਆਂ ਹਨ। ਅਨੀਤਾ ਜੈਰਥ ਨੇ ਕਿਹਾ ਕਿ ਪਹਿਲੀ ਮਹਿਲਾ ਪ੍ਰਧਾਨ ਬਣਨਾ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਭਰੋਸੇ ਨਾਲ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਹੈ, ਉਸ ’ਤੇ ਖਰਾ ਉਤਰਨਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਧਾਰਿਆ ਜਾਵੇਗਾ। ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਸਫ਼ਾਈ ਕਰਮਚਾਰੀਆਂ ਦੇ ਮਸਲੇ ਨੂੰ ਵੀ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ। ਇਸ ਤੋਂ ਇਲਾਵਾ ਟੁੱਟੀਆਂ ਸੜਕਾਂ, ਸੀਵਰੇਜ ਅਤੇ ਵੱਖ-ਵੱਖ ਵਾਰਡਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਵਾਉਣ ਲਈ ਕੌਂਸਲਰਾਂ ਨਾਲ ਮਿਲ ਕੇ ਯੋਜਨਾ ਤਿਆਰ ਕੀਤੀ ਜਾਵੇਗੀ। ਟ੍ਰੈਫਿਕ ਜਾਮ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਬਾਜ਼ਾਰਾਂ ਵਿੱਚ ਪਾਰਕਿੰਗ ਦੀ ਘਾਟ ਇੱਕ ਵੱਡਾ ਕਾਰਨ ਹੈ। ਅਧਿਕਾਰਕ ਤੌਰ ’ਤੇ ਅਹੁਦਾ ਸੰਭਾਲਣ ਤੋਂ ਬਾਅਦ ਕੌਂਸਲਰਾਂ ਨਾਲ ਬੈਠਕ ਕਰਕੇ ਇਸ ਦਾ ਸਥਾਈ ਹੱਲ ਲੱਭਿਆ ਜਾਵੇਗਾ। ਜਿੱਥੇ ਸੰਭਵ ਹੋਵੇਗਾ, ਉੱਥੇ ਪਾਰਕਿੰਗ ਦੇ ਨਵੇਂ ਵਿਕਲਪ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਬਰਸਾਤ ਦੌਰਾਨ ਜਲਭਰਾਅ ਦੀ ਸਮੱਸਿਆ ਬਾਰੇ ਅਨੀਤਾ ਜੈਰਥ ਨੇ ਕਿਹਾ ਕਿ ਇਹ ਮੁੱਦਾ ਮੁੱਖ ਤੌਰ ’ਤੇ ਸੀਵਰੇਜ ਪ੍ਰਣਾਲੀ ਅਤੇ ਸਫ਼ਾਈ ਨਾਲ ਜੁੜਿਆ ਹੋਇਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਸਫ਼ਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਸਮੇਂ-ਸਮੇਂ ’ਤੇ ਸੀਵਰੇਜ ਦੀ ਸਫ਼ਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਮੀਂਹ ਦੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਨਾ ਆਵੇ। ਜਿੱਥੇ ਤਕਨੀਕੀ ਸੁਧਾਰ ਦੀ ਲੋੜ ਹੋਵੇਗੀ, ਉੱਥੇ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਹੱਲ ਕੱਢਿਆ ਜਾਵੇਗਾ। ਆਪਣੇ ਰਾਜਨੀਤਿਕ ਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਉਨ੍ਹਾਂ ਲਈ ਕੋਈ ਨਵਾਂ ਖੇਤਰ ਨਹੀਂ ਹੈ। ਉਹ 1988 ਵਿੱਚ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਕੁਝ ਸਮੇਂ ਲਈ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਇਸ ਵਾਰ ਚੋਣ ਲੜਨ ਦਾ ਇਰਾਦਾ ਨਹੀਂ ਸੀ, ਪਰ ਵਾਰਡ ਮਹਿਲਾ ਲਈ ਰਾਖਵਾਂ ਹੋਣ ਅਤੇ ਲੋਕਾਂ ਦੇ ਪਿਆਰ ਕਾਰਨ ਉਹ ਚੋਣ ਮੈਦਾਨ ਵਿੱਚ ਉਤਰੇ। ਉਨ੍ਹਾਂ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਭਰਪੂਰ ਸਹਿਯੋਗ ਅਤੇ ਪਿਆਰ ਦਿੱਤਾ। ਉਨ੍ਹਾਂ ਦੇ ਪਤੀ ਅਸ਼ੋਕ ਜੈਰਥ ਵੀ ਚਾਰ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਲੋਕ ਸੇਵਾ ਦਾ ਜੋ ਸੰਕਲਪ ਪਹਿਲਾਂ ਸੀ, ਉਹੀ ਅੱਜ ਵੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ।