ਗੌਡਵਿਨ ਸਕੂਲ ਦੀ ਵਿਦਿਆਰਥਣ ਅਨਹਦ ਦਾ ‘ਚਾਂਦੀ’ ’ਤੇ ਨਿਸ਼ਾਨਾ ਗੌਡਵਿਨ ਪਬਲਿਕ ਸਕੂਲ ਘੱਲੂ ਦੀ ਵਿਦਿਆਰਥਣ ਅਨਹਦ ਕੌਰ ਨੇ ਸਟੇਟ ਪੱਧਰੀ ਤੀਰਅੰਦਾਜ਼ੀ ਮੁਕਾਬਲੇ ਵਿੱਚ ਜਿੱਤਿਆ ਚਾਂਦੀ ਦਾ ਤਮਗਾ
Publish Date: Mon, 02 Nov 2026 04:41 PM (IST)
Updated Date: Mon, 02 Nov 2026 04:44 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ: ਗੌਡਵਿਨ ਪਬਲਿਕ ਸਕੂਲ ਘੱਲੂ ਦੀ ਵਿਦਿਆਰਥਣ ਅਨਹਦ ਕੌਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਟੇਟ ਪੱਧਰੀ ਅੰਡਰ-17 ਕੰਪਾਊਂਡ ਆਰਚਰੀ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਅੰਮ੍ਰਿਤਸਰ ਵਿਖੇ ਕਰਵਾਈਆਂ ਗਈਆਂ ਖੇਡਾਂ ਦੌਰਾਨ ਇਸ ਪ੍ਰਾਪਤੀ ਨਾਲ ਸਕੂਲ, ਪਰਿਵਾਰ ਅਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਸਕੂਲ ਦੇ ਡੀਪੀ ਮੋਹਿਤ ਨੇ ਦੱਸਿਆ ਕਿ ਅਨਹਦ ਕੌਰ ਲਗਾਤਾਰ ਮਿਹਨਤ ਅਤੇ ਲਗਨ ਨਾਲ ਤੀਰਅੰਦਾਜ਼ੀ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਨਹਦ ਕੌਰ ਇਸ ਤੋਂ ਪਹਿਲਾਂ ਇੰਫਾਲ (ਮਣੀਪੁਰ) ਵਿਖੇ ਕਰਵਾਈ ਗਈ 69ਵੀਂ ਨੈਸ਼ਨਲ ਸਕੂਲ ਗੇਮਜ਼ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਅੰਡਰ-19 ਉਮਰ ਵਰਗ ਦੇ ਕੰਪਾਊਂਡ ਆਰਚਰੀ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਕੌਮੀ ਪੱਧਰ ’ਤੇ ਵੀ ਆਪਣੀ ਪਛਾਣ ਬਣਾ ਚੁੱਕੀ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਬਰਾੜ, ਮੈਨੇਜਮੈਂਟ ਕਮੇਟੀ ਦੀ ਮੈਂਬਰ ਲਖਵਿੰਦਰ ਕੌਰ ਬਰਾੜ ਅਤੇ ਪ੍ਰਿੰਸੀਪਲ ਅਭਿਲੇਖ ਸ਼ਰਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਅਨਹਦ ਕੌਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਨਹਦ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੈ। ਉੱਧਰ, ਅਨਹਦ ਕੌਰ ਦੇ ਪਿਤਾ ਐਡਵੋਕੇਟ ਮਨਿੰਦਰ ਸਿੰਘ ਸਰਾਂ ਅਤੇ ਮਾਤਾ ਸ਼੍ਰੀਮਤੀ ਨਵਜੀਤ ਕੌਰ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲਸ਼ਾਹ ਖੁੱਬਣ ਦੀ ਪ੍ਰਿੰਸੀਪਲ ਅਤੇ ਪੰਜਾਬ ਸਰਕਾਰ ਦੇ ਸਟੇਟ ਪੱਧਰੀ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਹਨ, ਨੇ ਵੀ ਧੀ ਦੀ ਸਫਲਤਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।