ਜਲਾਲਾਬਾਦ ’ਚ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਪੂਰਾ ਰਾਸ਼ਨ ਮਿਲਣ ਤੱਕ ਆਂਗਨਵਾੜੀ ਵਰਕਰ ਰਾਸ਼ਨ ਨਹੀਂ ਲੈਣਗੀਆਂ
Publish Date: Tue, 25 Aug 2026 05:36 PM (IST)
Updated Date: Tue, 25 Aug 2026 05:36 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਜਲਾਲਾਬਾਦ ਵੱਲੋਂ ਪੰਜਾਬ ਸਰਕਾਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਖ਼ਿਲਾਫ਼ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਨੇ ਕੀਤੀ। ਧਰਨੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੀ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ 0 ਤੋਂ 6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੌਸ਼ਟਿਕ ਖੁਰਾਕ ਦੇਣ ਦੇ ਨਾਮ ’ਤੇ ਗਰੀਬ ਲੋਕਾਂ ਨਾਲ ਕਥਿਤ ਤੌਰ ’ਤੇ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਨੂੰ ਲਾਗੂ ਕਰਵਾਉਣ ਲਈ ਆਂਗਨਵਾੜੀ ਵਰਕਰਾਂ ’ਤੇ ਵੀ ਦਬਾਅ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਲਾਭਪਾਤਰੀਆਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਉਸ ਦੇ ਮੁਕਾਬਲੇ ਰਾਸ਼ਨ ਘੱਟ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਆਂਗਨਵਾੜੀ ਵਰਕਰਾਂ ਨੂੰ ਪੋਸ਼ਣ ਟ੍ਰੈਕਰ ’ਤੇ ਵੱਧ ਲਾਭਪਾਤਰੀ ਆਨਲਾਈਨ ਕਰਨ ਅਤੇ ਐਡਵਾਂਸ ਐੱਫ.ਆਰ.ਐੱਸ. ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਰਕਰ ਕਿਸੇ ਲਾਭਪਾਤਰੀ ਦੀ ਐਡਵਾਂਸ ਆਨਲਾਈਨ ਐਂਟਰੀ ਕਰਦੀ ਹੈ ਤਾਂ ਉਸ ਦੇ ਮੋਬਾਈਲ ’ਤੇ ਰਾਸ਼ਨ ਪ੍ਰਾਪਤ ਕਰਨ ਸਬੰਧੀ ਸੁਨੇਹਾ ਪਹੁੰਚ ਜਾਂਦਾ ਹੈ। ਇਸ ਤੋਂ ਬਾਅਦ ਲਾਭਪਾਤਰੀ ਆਂਗਨਵਾੜੀ ਵਰਕਰਾਂ ਕੋਲ ਆ ਕੇ ਰਾਸ਼ਨ ਦੀ ਮੰਗ ਕਰਦੇ ਹਨ, ਜਿਸ ਕਾਰਨ ਵਰਕਰਾਂ ਅਤੇ ਲਾਭਪਾਤਰੀਆਂ ਵਿਚਕਾਰ ਵਿਵਾਦ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਥਾਵਾਂ ’ਤੇ ਇਸ ਕਾਰਨ ਝਗੜੇ ਵੀ ਹੋ ਚੁੱਕੇ ਹਨ। ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸਾਰੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹੱਕ ਅਨੁਸਾਰ ਪੂਰਾ ਰਾਸ਼ਨ ਨਹੀਂ ਮਿਲਦਾ, ਉਨੀ ਦੇਰ ਤੱਕ ਕਿਸੇ ਵੀ ਆਂਗਨਵਾੜੀ ਸੈਂਟਰ ਦੀ ਵਰਕਰ ਰਾਸ਼ਨ ਪ੍ਰਾਪਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਲਈ ਵਿਭਾਗ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਰਾਜ ਲਾਧੂਕਾ, ਜ਼ਿਲ੍ਹਾ ਸਕੱਤਰ ਸੀਮਾ, ਜਲਾਲਾਬਾਦ, ਕੈਲਾਸ਼ ਛੱਪੜੀ ਵਾਲਾ, ਕ੍ਰਿਸ਼ਨਾ ਸੰਤੋਖਾ, ਰਾਜ ਕੌਰ ਲਮੋਚੜ ਅਤੇ ਅਰਪਨਾ ਰਾਣੀ ਨੇ ਵੀ ਸੰਬੋਧਨ ਕੀਤਾ। ਧਰਨੇ ਦੌਰਾਨ ਸੀ.ਡੀ.ਪੀ.ਓ. ਦਫ਼ਤਰ ਦੀਆਂ ਸੁਪਰਵਾਈਜ਼ਰ ਗੀਤਾ ਕੰਬੋਜ ਅਤੇ ਪ੍ਰਕਾਸ਼ ਕੌਰ ਨੇ ਸੀ.ਡੀ.ਪੀ.ਓ. ਦੇ ਹੁਕਮਾਂ ਅਨੁਸਾਰ ਜਥੇਬੰਦੀ ਤੋਂ ਪਾਰਕ ਵਿੱਚ ਹੀ ਮੰਗ ਪੱਤਰ ਪ੍ਰਾਪਤ ਕੀਤਾ।