ਵਪਾਰੀਆਂ ਦੀਆਂ 9 ਮੰਗਾਂ ਲੈ ਕੇ ਸੁਖਬੀਰ ਬਾਦਲ ਕੋਲ ਪੁੱਜੇ ਅਮਿਤ ਕਪੂਰ ਵਪਾਰੀਆਂ ਦੀਆਂ 9 ਮੰਗਾਂ ਲੈ ਕੇ ਸੁਖਬੀਰ ਬਾਦਲ ਕੋਲ ਪੁੱਜੇ ਅਮਿਤ ਕਪੂਰ
Publish Date: Mon, 05 Oct 2026 03:41 PM (IST)
Updated Date: Mon, 05 Oct 2026 03:44 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਵਪਾਰੀ ਵਰਗ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਪਾਰੀਆਂ ਨਾਲ ਸਬੰਧਤ ਮੰਗਾਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇ। ਅਮਿਤ ਕਪੂਰ ਨੇ ਮੰਗ ਪੱਤਰ ਵਿੱਚ ਕਿਹਾ ਕਿ ਕਿਸੇ ਵਪਾਰੀ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗਣ, ਹੜ੍ਹ, ਮੀਂਹ ਜਾਂ ਤੂਫ਼ਾਨ ਕਾਰਨ ਹੋਣ ਵਾਲੇ ਨੁਕਸਾਨ ਦਾ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸਾਰੇ ਵਪਾਰੀਆਂ ਲਈ ਢੁਕਵੀਂ ਬੀਮਾ ਯੋਜਨਾ ਲਾਗੂ ਕਰਨ ਅਤੇ ਜੀਐੱਸਟੀ ਦੇਣ ਵਾਲੇ ਵਪਾਰੀਆਂ ਦੇ ਟੈਕਸ ਯੋਗਦਾਨ ਦੇ ਆਧਾਰ ’ਤੇ ਰਿਟਾਇਰਮੈਂਟ ਯੋਜਨਾ ਸ਼ੁਰੂ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਛੋਟੇ ਵਪਾਰੀਆਂ ਲਈ ਜੀਐੱਸਟੀ ਪ੍ਰਣਾਲੀ ਨੂੰ ਸਰਲ ਬਣਾਉਣ ਅਤੇ ਲੰਮਸਮ ਸਕੀਮ ਲਾਗੂ ਕਰਨ, ਵਪਾਰ ਮੰਡਲ ਭਵਨ ਲਈ ਸ਼ਹਿਰਾਂ ਵਿੱਚ ਪਲਾਟ ਅਤੇ ਹੋਰ ਸਹਿਯੋਗ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਆਨਲਾਈਨ ਵਪਾਰ ਕਾਰਨ ਛੋਟੇ ਦੁਕਾਨਦਾਰਾਂ ਨੂੰ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਵਿਸ਼ੇਸ਼ ਰਾਹਤ ਦੇਣ ਅਤੇ ਛੋਟੇ ਵਪਾਰੀਆਂ ਨੂੰ ਬਿਜਲੀ ਬਿੱਲਾਂ ਵਿੱਚ ਛੋਟ ਦੇਣ ਦੀ ਮੰਗ ਕੀਤੀ ਗਈ। ਅਮਿਤ ਕਪੂਰ ਨੇ ਕਿਹਾ ਕਿ ਵਪਾਰੀਆਂ ਨੂੰ ਬੇਲੋੜੀ ਵਿਭਾਗੀ ਜਾਂਚ-ਪੜਤਾਲ ਅਤੇ ਇੰਸਪੈਕਟਰੀ ਰਾਜ ਤੋਂ ਰਾਹਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਪੰਜਾਬ ਦੀ ਅਰਥਵਿਵਸਥਾ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ, ਇਸ ਲਈ ਚੋਣ ਮਨੋਰਥ ਪੱਤਰ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਉਚਿਤ ਸਥਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਪਾਰੀਆਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਆਵਾਜ਼ ਉਠਾਉਂਦਾ ਰਹੇਗਾ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਾਹਮਣੇ ਵਪਾਰੀ ਵਰਗ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਰੱਖਿਆ ਜਾਵੇਗਾ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਵਪਾਰੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ ਅਤੇ ਆਉਣ ਵਾਲੇ ਚੋਣ ਮਨੋਰਥ ਪੱਤਰ ਵਿੱਚ ਉਚਿਤ ਸਥਾਨ ਦੇਣ ਦਾ ਭਰੋਸਾ ਦਿੱਤਾ।