ਆਲ ਇੰਡੀਆ ਆਸ਼ਾ ਵਰਕਜ਼ ਤੇ ਫੈਸੀਲਟੇਰਜ਼ ਯੂਨੀਅਨ ਵੱਲੋਂ ਰੈਲੀ 24 ਨੂੰ ਆਲ ਇੰਡੀਆ ਆਸ਼ਾ ਵਰਕਜ਼ ਅਤੇ ਫੈਸੀਲਟੇਰਜ਼ ਯੂਨੀਅਨ ਵੱਲੋਂ 24 ਸਤੰਬਰ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਵੱਡਾ ਸੰਘਰਸ਼ ਕਰਨ ਦਾ ਕੀਤਾ ਐਲਾਨ
Publish Date: Mon, 21 Sep 2026 05:55 PM (IST)
Updated Date: Mon, 21 Sep 2026 05:56 PM (IST)
ਹੈਪੀ ਕਾਠਪਾਲ.ਪੁੰਜਾਬੀ ਜਾਗਰਣ ਜਲਾਲਾਬਾਦ : ਆਲ ਇੰਡੀਆਂ ਆਸ਼ਾ ਵਰਕਰਜ਼ ਅਤੇ ਫੈਸੀਲੈਟਰੇਜ਼ ਦੀ ਮੀਟਿੰਗ ਬਲਾਕ ਪ੍ਰਧਾਨ ਸਵਰਨ ਕੌਰ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਜੰਡਵਾਲਾ ਭੀਮੇ ਸ਼ਾਹ ਵਿਖੇ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਦੁਰਗੋ ਬਾਈ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਦੁਰਗੋ ਬਾਈ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾ ਸਾਡੇ ਪੰਜਾਬ ਦੇ ਆਗੂਆਂ ਨਾਲ ਮਾਣਭੱਤਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਸ੍ਰੀ ਅਮ੍ਰਿੰਤਸਰ ਸਾਹਿਬ ਦੀ ਧਰਤੀ ’ਤੇ ਕੀਤਾ ਸੀ। ਪਰ 2027 ਦੀਆਂ ਚੋਣ ਤਿਆਰੀਆਂ ਵੀ ਸ਼ੁਰੂ ਹੋ ਰਹੀਆਂ ਲੇਕਿਨ ਮੁੱਖ ਮੰਤਰੀ ਪੰਜਾਬ ਨੇ ਆਸ਼ਾ ਵਰਕਰਜ਼ ਅਤੇ ਫੈਸੀਲਟੇਰਜ਼ ਦੇ ਕੰਮਾਂ ਨੂੰ ਅਣਗੌਲਿਆਂ ਕਰਕੇ ਮਿਹਨਤਾਨਾ ਵਧਾਉਣ ਦੀ ਗੱਲ ਭੁੱਲ ਚੁੱਕੇ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਅਤੇ ਜਾਇਜ਼ ਮੰਗਾਂ ਮੰਨਵਾਉਣ ਲਈ 24 ਸਤੰਬਰ ਨੂੰ ਪੰਜਾਬ ਦੀਆਂ ਵਰਕਰਾਂ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਸਿਰ ’ਤੇ ਕੰਫਨ ਬੰਨ ਕੇ ਪਹੁੰਚਗੀਆਂ। ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਚਾਹੇ ਡਾਂਗਾ ਮਾਰੇ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਬੇਸ਼ਕ ਜੇਲਾਂ ’ਚ ਬੰਦ ਕੀਤਾ ਜਾਵੇ ਅਸੀ ਹੱਕ ਲਏ ਬਿਨ੍ਹਾਂ ਵਾਪਸ ਨਈ ਪਰਤਾਂਗੇ। ਇਸ ਮੌਕੇ ਬਲਾਕ ਪ੍ਰਧਾਨ ਸਵਰਨ ਕੌਰ ਨੇ ਪੰਜਾਬ ਭਰ ਦੀਆਂ ਵਰਕਰਾਂ ਨੂੰ ਇੱਕਜੁੱਟ ਹੋ ਕੇ ਸਤੌਜ ਦੀ ਧਰਤੀ ’ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੈਕਟਰੀ ਅਵਿਨਾਸ਼ ਕੌਰ, ਹਰਭਜਨ ਕੌਰ, ਕ੍ਰਿਸ਼ਨਾਂ ਰਾਣੀ, ਕਿਰਨਾ ਬੱਘੇ ਕੇ ਆਦਿ ਨੇ ਵੀ ਸੰਬੋਧਨ ਕੀਤਾ।