ਅਕਾਲੀ-ਭਾਜਪਾ ਗੱਠਜੋੜ ਨਾਲ ਸਿਆਸਤ ’ਚ ਹਲਚਲ, ਵੱਖ-ਵੱਖ ਆਗੂਆਂ ਨੇ ਕੀਤਾ ਸਵਾਗਤ ਅਕਾਲੀ-ਭਾਜਪਾ ਗੱਠਜੋੜ ਨਾਲ ਫਾਜ਼ਿਲਕਾ ਦੀ ਸਿਆਸਤ ਵਿੱਚ ਵੀ ਹਲਚਲ, ਵੱਖ-ਵੱਖ ਆਗੂਆਂ ਨੇ ਕੀਤਾ ਸਵਾਗਤ
Publish Date: Tue, 24 Nov 2026 07:03 PM (IST)
Updated Date: Wed, 25 Nov 2026 04:08 AM (IST)
2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼, ਕਿਸੇ ਨੇ ਅਕਾਲੀ ਦਲ ਤਾਂ ਕਿਸੇ ਨੇ ਭਾਜਪਾ ਦੀ ਮਜ਼ਬੂਤੀ ਨੂੰ ਦੱਸਿਆ ਗੱਠਜੋੜ ਦਾ ਲਾਭ ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਹੋਏ ਗੱਠਜੋੜ ਦਾ ਅਸਰ ਫਾਜ਼ਿਲਕਾ ਦੀ ਸਿਆਸਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਗੱਠਜੋੜ ਦੇ ਐਲਾਨ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਸਥਾਨਕ ਆਗੂਆਂ ਵੱਲੋਂ ਆਪੋ-ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਅਕਾਲੀ ਆਗੂ ਇਸ ਨੂੰ ਪਾਰਟੀ ਦੀ ਮਜ਼ਬੂਤੀ ਅਤੇ ਵਰਕਰਾਂ ਵਿੱਚ ਨਵੇਂ ਉਤਸ਼ਾਹ ਨਾਲ ਜੋੜ ਰਹੇ ਹਨ, ਜਦਕਿ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਸ ਸਾਂਝ ਨਾਲ ਉਨ੍ਹਾਂ ਦੀ ਪਾਰਟੀ ਦੇ ਸੰਗਠਨ ਨੂੰ ਵੀ ਨਵੀਂ ਤਾਕਤ ਮਿਲੇਗੀ। ਉੱਧਰ, ਕੁਝ ਆਗੂਆਂ ਨੇ ਇਸ ਗੱਠਜੋੜ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਅਗਲੀ ਰਣਨੀਤੀ ਨੂੰ ਲੈ ਕੇ ਵੀ ਚਰਚਾ ਕੀਤੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਗੱਠਜੋੜ ਨੂੰ ਲੈ ਕੇ ਸਿਆਸੀ ਸਰਗਰਮੀਆਂ ਅਤੇ ਬਿਆਨਬਾਜ਼ੀ ਤੇਜ਼ ਹੋਣ ਲੱਗੀ ਹੈ। ਅਕਾਲੀ-ਭਾਜਪਾ ਗੱਠਜੋੜ ਨਾਲ ਅਕਾਲੀ ਦਲ ਹੋਵੇਗਾ ਹੋਰ ਮਜ਼ਬੂਤ : ਰਮਿੰਦਰ ਆਵਲਾ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਹੋਏ ਗੱਠਜੋੜ ਦਾ ਸਵਾਗਤ ਕਰਦਿਆਂ ਰਮਿੰਦਰ ਆਵਲਾ ਨੇ ਕਿਹਾ ਕਿ ਇਸ ਸਿਆਸੀ ਸਾਂਝ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਪਹਿਲਾਂ ਵੀ ਲੰਮਾ ਸਿਆਸੀ ਸਾਥ ਰਿਹਾ ਹੈ ਅਤੇ ਮੁੜ ਇਕੱਠੇ ਆਉਣ ਨਾਲ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਮੁਤਾਬਕ ਇਹ ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਸਿਰਜੇਗਾ। ਅਕਾਲੀ-ਭਾਜਪਾ ਗੱਠਜੋੜ ਨਾਲ ਭਾਜਪਾ ਨੂੰ ਮਿਲੇਗੀ ਨਵੀਂ ਮਜ਼ਬੂਤੀ : ਰੰਜਮ ਕਾਮਰਾ ਫਾਜ਼ਿਲਕਾ : ਭਾਜਪਾ ਪੰਜਾਬ ਦੇ ਸਕੱਤਰ ਰੰਜਮ ਕਾਮਰਾ ਨੇ ਅਕਾਲੀ-ਭਾਜਪਾ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਨਾਲ ਭਾਜਪਾ ਨੂੰ ਵੀ ਜਥੇਬੰਦਕ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਪਹਿਲਾਂ ਵੀ ਲੰਮਾ ਸਿਆਸੀ ਸਫ਼ਰ ਰਿਹਾ ਹੈ ਅਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਆਪਸੀ ਤਾਲਮੇਲ ਹੈ। ਇਸ ਗੱਠਜੋੜ ਨਾਲ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੋਵੇਗਾ ਅਤੇ ਦੋਵੇਂ ਪਾਰਟੀਆਂ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣਗੀਆਂ। 2027 ’ਚ ਮਿਲ ਕੇ ਬਣਾਵਾਂਗੇ ਸਰਕਾਰ : ਹਰਦੀਪ ਢਾਕਾ ਪਿੰਡ ਖਾਨਪੁਰ ਦੇ ਸਾਬਕਾ ਸਰਪੰਚ ਅਤੇ ਨੌਜਵਾਨ ਅਕਾਲੀ ਆਗੂ ਹਰਦੀਪ ਢਾਕਾ ਨੇ ਅਕਾਲੀ-ਭਾਜਪਾ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਨਾਲ ਅਕਾਲੀ ਵਰਕਰਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਵਿੱਚ ਅਹਿਮ ਯੋਗਦਾਨ ਰਿਹਾ ਹੈ ਅਤੇ ਭਾਜਪਾ ਨਾਲ ਸਾਂਝ ਹੋਣ ਕਾਰਨ ਜਥੇਬੰਦਕ ਤਾਲਮੇਲ ਹੋਰ ਵਧੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਦੋਵੇਂ ਪਾਰਟੀਆਂ ਆਪਸੀ ਇਕਜੁੱਟਤਾ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੀਆਂ। ਅਕਾਲੀ-ਭਾਜਪਾ ਗੱਠਜੋੜ ਨਾਲ ਵਿਰੋਧੀਆਂ ਦੇ ਚਿਹਰੇ ਮੁਰਝਾਏ : ਕਾਕਾ ਕੰਬੋਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਅਕਾਲੀ-ਭਾਜਪਾ ਗੱਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਨਾਲ ਵਿਰੋਧੀ ਪਾਰਟੀਆਂ ਵਿੱਚ ਵੀ ਸਿਆਸੀ ਹਲਚਲ ਵਧੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦੀ ਸਾਂਝ ਨਾਲ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ ਸੰਗਠਨ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਅਨੁਸਾਰ ਦੋਵਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਆਪਸੀ ਤਾਲਮੇਲ ਨਾਲ ਲੋਕਾਂ ਤੱਕ ਪਹੁੰਚ ਕਰਨਗੇ। ਭਾਜਪਾ-ਅਕਾਲੀ ਗੱਠਜੋੜ ਤੋਂ ਬਾਅਦ ਆਪ ਤੇ ਕਾਂਗਰਸ ਦੀ ਰਣਨੀਤੀ ’ਤੇ ਨਜ਼ਰ : ਪਰਮਜੀਤ ਵੇਰੜ ਪਰਮਜੀਤ ਵੇਰੜ ਨੇ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਹੋਏ ਗੱਠਜੋੜ ਨੂੰ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਦਾ ਵਿਸ਼ਾ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਮੀਕਰਨਾਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਦੀਆਂ ਅਗਲੀਆਂ ਰਣਨੀਤੀਆਂ ’ਤੇ ਵੀ ਨਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਸਿਆਸਤ ਵਿੱਚ ਹੋਣ ਵਾਲੀਆਂ ਸਰਗਰਮੀਆਂ ਅਹਿਮ ਰਹਿਣਗੀਆਂ।