ਰੀ-ਅਪੀਅਰ ਵਿਦਿਆਰਥੀਆਂ ਲਈ ਵੀ ਵਜ਼ੀਫ਼ਾ ਫਾਰਮ ਭਰਨ ਦਾ ਰਾਹ ਖੁੱਲ੍ਹਿਆ ਏਆਈਐੱਸਐੱਫ ਦੇ ਸੰਘਰਸ਼ ਸਦਕਾ ਰੀ-ਪੀਅਰ ਵਾਲੇ ਵਿਦਿਆਰਥੀਆਂ ਲਈ ਵੀ ਵਜ਼ੀਫ਼ਾ ਫਾਰਮ ਭਰਨ ਦਾ ਰਾਹ ਖੁੱਲ੍ਹਿਆ: ਧਰਮੂ ਵਾਲਾ, ਸਟਾਲਿਨ
Publish Date: Fri, 09 Oct 2026 03:22 PM (IST)
Updated Date: Fri, 09 Oct 2026 03:23 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਫ) ਵੱਲੋਂ ਪ੍ਰਦਰਸ਼ਨਾਂ ਤੋਂ ਬਾਅਦ ਰੀ-ਅਪੀਅਰ ਵਾਲੇ ਵਿਦਿਆਰਥੀਆਂ ਲਈ ਵਜ਼ੀਫ਼ਾ ਫਾਰਮ ਭਰਨ ਦਾ ਰਾਹ ਖੁੱਲ੍ਹਣ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ। ਏਆਈਐੱਸਐੱਫ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਸਟਾਲਿਨ ਲਮੋਚੜ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਡਾ. ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਦਾ ਨਾਮ ਬਦਲ ਕੇ ਨੈਸ਼ਨਲ ਸਕਾਲਰਸ਼ਿਪ ਪੋਰਟਲ (ਐੱਨਐੱਸਪੀ) ਕੀਤੇ ਜਾਣ ਤੋਂ ਬਾਅਦ ਫਾਰਮ ਭਰਨ ਦੀ ਪ੍ਰਕਿਰਿਆ ਵਿੱਚ ਅਜਿਹੀ ਸ਼ਰਤ ਸਾਹਮਣੇ ਆਈ ਸੀ, ਜਿਸ ਕਾਰਨ ਰੀ-ਪੀਅਰ ਵਾਲੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਲਈ ਵਜ਼ੀਫ਼ਾ ਫਾਰਮ ਭਰਨ ਵਿੱਚ ਮੁਸ਼ਕਲ ਆ ਰਹੀ ਸੀ। ਇਸ ਮਾਮਲੇ ਨੂੰ ਲੈ ਕੇ ਏਆਈਐੱਸਐੱਫ ਪੰਜਾਬ ਨੇ ਤੁਰੰਤ ਮੀਟਿੰਗ ਕਰਕੇ ਸੂਬੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ। ਜਥੇਬੰਦੀ ਦੇ ਆਗੂਆਂ ਅਨੁਸਾਰ ਪੰਜਾਬ ਦੇ ਕਈ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੇ ਇਸ ਸ਼ਰਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਰਮਨ ਧਰਮੂ ਵਾਲਾ ਅਤੇ ਸਟਾਲਿਨ ਲਮੋਚੜ ਨੇ ਕਿਹਾ ਕਿ ਜਥੇਬੰਦੀ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਡਾ. ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ ਮੁੜ ਇਸੇ ਨਾਮ ਨਾਲ ਸ਼ੁਰੂ ਕੀਤਾ ਜਾਵੇ। ਉਨ੍ਹਾਂ ਪੋਰਟਲ ਦਾ ਨਾਮ ਬਦਲਣ ਦੇ ਫ਼ੈਸਲੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਥੇਬੰਦੀ ਇਸ ਮਸਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਵੱਡਾ ਅੰਦੋਲਨ ਕਰੇਗੀ। ਇਸ ਮੌਕੇ ਜਲਾਲਾਬਾਦ ਦੇ ਲੜਕੀਆਂ ਦੇ ਕਾਲਜ ਵਿੱਚ ਏਆਈਐੱਸਐੱਫ ਦੀਆਂ ਆਗੂ ਮਹਿਕ, ਜਸਪ੍ਰੀਤ ਅਤੇ ਸਿਮਰਨ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਈ ਹੇਠ ਪਹਿਲਾਂ ਵੀ ਕਾਲਜ ਦੇ ਵਿਦਿਆਰਥੀਆਂ ਦੇ ਹੱਕਾਂ ਲਈ ਕਈ ਸੰਘਰਸ਼ ਲੜੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਲਜ ਨੂੰ ਚਲਾਉਣ ਵਿੱਚ ਵੀ ਏਆਈਐੱਸਐੱਫ ਦੇ ਅੰਦੋਲਨ ਦੀ ਅਹਿਮ ਭੂਮਿਕਾ ਰਹੀ ਹੈ। ਵਿਦਿਆਰਥੀ ਆਗੂਆਂ ਨੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਏਆਈਐੱਸਐੱਫ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖਿਆ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਰੁਪਾਲਾ, ਅੰਜੂ ਸਮੇਤ ਹੋਰ ਵਿਦਿਆਰਥੀ ਵੀ ਮੌਜੂਦ ਸਨ।