ਏਆਈਐੱਸਐੱਫ ਨੇ ਐੱਨਐੱਸਪੀ ਪੋਰਟਲ ਦੀਆਂ ਕਾਪੀਆਂ ਸਾੜ ਕੇ ਪ੍ਰਗਟਾਇਆ ਰੋਸ ਐਮ.ਆਰ. ਸਰਕਾਰੀ ਕਾਲਜ ਵਿੱਚ ਏਆਈਐਸਐਫ ਨੇ ਐਨਐਸਪੀ ਪੋਰਟਲ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Wed, 07 Oct 2026 04:16 PM (IST)
Updated Date: Wed, 07 Oct 2026 04:20 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਡਾ. ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਬਹਾਲ ਕਰਵਾਉਣ ਤੇ ਐੱਨਐੱਸਪੀ (ਨੈਸ਼ਨਲ ਸਕਾਲਰਸ਼ਿਪ ਪੋਰਟਲ) ਸਬੰਧੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਵੱਲੋਂ ਪੰਜਾਬ ਭਰ ਦੇ ਵਿਦਿਅਕ ਅਦਾਰਿਆਂ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਹਿਤ ਫਾਜ਼ਿਲਕਾ ਦੇ ਐਮ.ਆਰ. ਸਰਕਾਰੀ ਕਾਲਜ ਵਿੱਚ ਏਆਈਐੱਸਐੱਫ ਵੱਲੋਂ ਐੱਨਐੱਸਪੀ ਪੋਰਟਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਐਮ.ਆਰ. ਕਾਲਜ ਏਆਈਐੱਸਐੱਫ ਦੇ ਪ੍ਰਧਾਨ ਰੋਬਿਨ ਅਤੇ ਸਕੱਤਰ ਸੁਬਿੰਦਰ ਨੇ ਕੀਤੀ। ਇਸ ਮੌਕੇ ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਅਤੇ ਜ਼ਿਲ੍ਹਾ ਫਾਜ਼ਿਲਕਾ ਸਕੱਤਰ ਸਟਾਲਿਨ ਲਮੋਚੜ ਵੀ ਹਾਜ਼ਰ ਰਹੇ। ਆਗੂਆਂ ਨੇ ਕਿਹਾ ਕਿ ਐਨਐਸਪੀ ਪੋਰਟਲ ਰਾਹੀਂ ਸਕਾਲਰਸ਼ਿਪ ਦੀ ਪ੍ਰਕਿਰਿਆ ਵਿੱਚ ਕਥਿਤ ਖਾਮੀਆਂ ਕਾਰਨ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਸਹੂਲਤ ਤੋਂ ਵਾਂਝੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਕਾਲਜਾਂ ਵਿੱਚ ਪਹਿਲਾਂ ਚੱਲ ਰਹੇ ਡਾ. ਭੀਮ ਰਾਓ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ ਨੈਸ਼ਨਲ ਸਕਾਲਰਸ਼ਿਪ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਕਾਰਨ ਵਿਦਿਆਰਥੀਆਂ ਸਾਹਮਣੇ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਨਐਸਪੀ ਪੋਰਟਲ ਵਿੱਚ ਜੇਕਰ ਕਿਸੇ ਵਿਦਿਆਰਥੀ ਦੀ ਰੀ-ਅਪੀਅਰ ਆ ਜਾਂਦੀ ਹੈ ਤਾਂ ਉਸ ਵੱਲੋਂ ਸਕਾਲਰਸ਼ਿਪ ਲਈ ਅਪਲਾਈ ਕਰਨ ਵਿੱਚ ਦਿੱਕਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮੈਸਟਰ ਸਿਸਟਮ ਤਹਿਤ ਰੀ-ਅਪੀਅਰ ਵਾਲੇ ਵਿਦਿਆਰਥੀ ਨੂੰ ਅਗਲੇ ਸਮੈਸਟਰ ਵਿੱਚ ਦਾਖਲਾ ਮਿਲ ਜਾਂਦਾ ਹੈ ਅਤੇ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੀ ਸਹੂਲਤ ਤੋਂ ਵਾਂਝਾ ਨਾ ਕੀਤਾ ਜਾਵੇ। ਰਮਨ ਧਰਮੂਵਾਲਾ ਅਤੇ ਸਟਾਲਿਨ ਲਮੋਚੜ ਨੇ ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਮੰਗਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਕਾਲਜਾਂ ਨੂੰ ਇਸ ਸਬੰਧੀ ਕੋਈ ਅਧਿਕਾਰਤ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਫਾਰਮ ਭਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ’ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ। ਐਮ.ਆਰ. ਸਰਕਾਰੀ ਕਾਲਜ ਏਆਈਐਸਐਫ ਦੇ ਪ੍ਰਧਾਨ ਰੋਬਿਨ ਅਤੇ ਸਕੱਤਰ ਸੁਬਿੰਦਰ ਨੇ ਦਾਅਵਾ ਕੀਤਾ ਕਿ ਐਨਐਸਪੀ ਪੋਰਟਲ ਲਾਗੂ ਹੋਣ ਨਾਲ ਕਾਲਜ ਦੇ ਲਗਭਗ 80 ਫੀਸਦੀ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਲਈ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੋ ਸਕਦਾ ਹੈ ਅਤੇ ਨਵੇਂ ਵਿਦਿਆਰਥੀਆਂ ਦੇ ਦਾਖਲਿਆਂ ’ਤੇ ਵੀ ਅਸਰ ਪੈ ਸਕਦਾ ਹੈ। ਇਸ ਮੌਕੇ ਆਈ.ਟੀ.ਆਈ. ਫਾਜ਼ਿਲਕਾ ਦੇ ਏਆਈਐਸਐਫ ਪ੍ਰਧਾਨ ਦੀਪਕ, ਸਕੱਤਰ ਧੀਰਜ, ਐਮ.ਆਰ. ਕਾਲਜ ਦੇ ਆਗੂ ਰਜਤ, ਹਮੇਸ਼, ਰੋਹਨ, ਬੌਬੀ ਸਮੇਤ ਹੋਰ ਵਿਦਿਆਰਥੀ ਆਗੂ ਹਾਜ਼ਰ ਸਨ।