- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ ਪ੍ਰਸ਼ਾਸਨ : ਚੇਅਰਮੈਨ ਵਿਕਰਮ ਤਿੰਨਾ
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ
ਅਬੋਹਰ : ਅਬੋਹਰ ਮੰਡੀ ਵਿੱਚ ਪੱਕੇ ਆੜ੍ਹਤੀਆਂ ਅਤੇ ਲੇਬਰ ਯੂਨੀਅਨ ਵੱਲੋਂ ਪਿਛਲੇ ਕਰੀਬ ਅੱਠ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਮੰਡੀ ਦੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਮੰਡੀ ਯਾਰਡ ਵਿੱਚ ਖੜ੍ਹੇ ਟਰੱਕ-ਟਰਾਲਿਆਂ ਅਤੇ ਝੁੱਗੀ-ਝੌਂਪੜੀਆਂ ਕਾਰਨ ਜਿੱਥੇ ਆਵਾਜਾਈ ਵਿੱਚ ਮੁਸ਼ਕਲ ਆ ਰਹੀ ਹੈ, ਉੱਥੇ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਆੜ੍ਹਤੀਆਂ ਅਤੇ ਲੇਬਰ ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਡੀ ਯਾਰਡ ਨੂੰ ਇਨ੍ਹਾਂ ਤੋਂ ਮੁਕਤ ਕਰਕੇ ਵਿਵਸਥਿਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਹੜਤਾਲ ਖ਼ਤਮ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਚੇਅਰਮੈਨ ਵਿਕਰਮ ਤਿੰਨਾ ਨੇ ਕਿਹਾ ਕਿ ਹੜਤਾਲ ਦਾ ਸਿੱਧਾ ਅਸਰ ਆਉਣ ਵਾਲੇ ਨਰਮੇ ਦੇ ਸੀਜ਼ਨ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫ਼ਸਲ ਅਗਸਤ ਮਹੀਨੇ ਦੇ ਆਖ਼ਰੀ ਦਿਨਾਂ ਵਿੱਚ ਮੰਡੀ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਸੀ, ਪਰ ਇਸ ਵਾਰ ਹੜਤਾਲ ਕਾਰਨ ਨਰਮੇ ਦੀ ਆਮਦ ਵੀ ਦੇਰੀ ਨਾਲ ਹੋ ਰਹੀ ਹੈ। ਜੇਕਰ ਸਮੇਂ ਸਿਰ ਮੰਡੀ ਦੀ ਵਿਵਸਥਾ ਦਰੁਸਤ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਸਮੇਤ ਮੰਡੀ ਨਾਲ ਜੁੜੇ ਸਾਰੇ ਵਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜਤਾਲ ਸਬੰਧੀ ਆੜ੍ਹਤੀ ਭਾਈਚਾਰੇ ਦੇ ਜਸਵਿੰਦਰ ਸਿੰਘ ਜੱਸੀ, ਰਾਜੇਸ਼ ਗਰੋਵਰ , ਰਣਜੀਵ ਰਾਹੇਜਾ , ਨਿਤਿਸ਼ ਨਾਗਪਾਲ, ਜਗਤ ਪੇੜੀਵਾਲ, ਸੰਜੇ ਗੁਪਤਾ, ਅਸ਼ਵਨੀ ਸੇਤੀਆ, ਅਰੁਣ ਸਿਡਾਨਾ, ਅਮਿਤ ਸਿਡਾਨਾ, ਸਤਪਾਲ ਤਰਮਾਲਾ ਅਤੇ ਦੀਪਕ ਗਰਗ ਤੋਂ ਇਲਾਵਾ ਲੇਬਰ ਯੂਨੀਅਨ ਦੇ ਪ੍ਰਧਾਨ ਧਰਮਵੀਰ ਅਤੇ ਮੈਂਬਰ ਲਾਲਚੰਦ ਨੇ ਕਿਹਾ ਕਿ ਮੰਡੀ ਦੀ ਸੁਰੱਖਿਆ ਅਤੇ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੰਡੀ ਯਾਰਡ ਵਿੱਚ ਬੇਤਰਤੀਬ ਢੰਗ ਨਾਲ ਖੜ੍ਹੇ ਵਾਹਨਾਂ ਅਤੇ ਹੋਰ ਸਮੱਸਿਆਵਾਂ ਕਾਰਨ ਆੜ੍ਹਤੀਆਂ, ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮੰਡੀ ਨਾਲ ਜੁੜੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪ੍ਰਸ਼ਾਸਨ ਨੂੰ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਜਲਦ ਹੱਲ ਕੱਢਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਨਰਮੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।
ਮੰਡੀ ਯਾਰਡ ’ਚੋਂ ਟਰੱਕ-ਟਰਾਲਿਆਂ ਤੇ ਝੁੱਗੀ-ਝੌਂਪੜੀਆਂ ਹਟਾਈਆਂ ਜਾਣ
ਚੇਅਰਮੈਨ ਵਿਕਰਮ ਤਿੰਨਾ ਨੇ ਕਿਹਾ ਕਿ ਮੰਡੀ ਯਾਰਡ ਵਿੱਚ ਖੜ੍ਹੇ ਟਰੱਕਾਂ ਕਾਰਨ ਕੁਝ ਦਿਨ ਪਹਿਲਾਂ ਕਾਟਨ ਪ੍ਰੋਡਿਊਸਰ ਕ੍ਰਿਸ਼ਨ ਕੁਮਾਰ ਨਾਲ ਵੀ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਕ੍ਰਿਸ਼ਨ ਕੁਮਾਰ ਦੀ ਇਲਾਜ ਦੌਰਾਨ ਦੁਖਦਾਈ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਮੰਡੀ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਬੇਹੱਦ ਗੰਭੀਰ ਹੈ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਯਾਰਡ ਵਿੱਚੋਂ ਟਰੱਕ-ਟਰਾਲਿਆਂ ਅਤੇ ਝੁੱਗੀ-ਝੌਂਪੜੀਆਂ ਨੂੰ ਤੁਰੰਤ ਹਟਾਇਆ ਜਾਵੇ। ਇਸ ਦੇ ਨਾਲ ਹੀ ਆਵਾਜਾਈ ਅਤੇ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਆੜ੍ਹਤੀਆਂ ਤੇ ਲੇਬਰ ਯੂਨੀਅਨ ਦੀਆਂ ਮੰਗਾਂ ਦਾ ਜਲਦ ਹੱਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਦਾ ਸੀਜ਼ਨ ਸਿਰ ’ਤੇ ਹੈ ਅਤੇ ਜੇਕਰ ਮੰਡੀ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਨਾ ਹੋਇਆ ਤਾਂ ਇਸ ਦਾ ਸਿੱਧਾ ਪ੍ਰਭਾਵ ਕਿਸਾਨਾਂ ’ਤੇ ਪਵੇਗਾ।