ਜੁਗਾੜੂ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ’ਚ ਵਾਪਰਿਆ ਹਾਦਸਾ ਜੁਗਾੜੂ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ’ਚ ਵਾਪਰਿਆ ਹਾਦਸਾ
Publish Date: Wed, 12 Aug 2026 03:25 PM (IST)
Updated Date: Wed, 12 Aug 2026 03:26 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਜ਼ਿਲ੍ਹੇ ਦੇ ਪਿੰਡ ਛੱਪੜੀ ਵਾਲਾ ਨੇੜੇ ਇੱਕ ਸੜਕ ਹਾਦਸੇ ਵਿੱਚ ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਟਰਾਲੀ ਜੁਗਾੜੂ ਵਾਹਨ ਦੀ ਟੱਕਰ ਹੋਣ ਤੋਂ ਬਚਾਉਂਦੇ ਹੋਏ ਬੱਸ ਬਿਜਲੀ ਦੇ ਖੰਭੇ ਅਤੇ ਕੰਧ ਨਾਲ ਜਾ ਟਕਰਾਈ। ਹਾਦਸੇ ਵਿੱਚ ਬੱਸ ਚਾਲਕ ਅਤੇ ਜੁਗਾੜੂ ਵਾਹਨ ਚਾਲਕ ਜ਼ਖ਼ਮੀ ਹੋ ਗਏ, ਜਦਕਿ ਬੱਸ ਵਿੱਚ ਸਵਾਰ 5-6 ਯਾਤਰੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਜਲਾਲਾਬਾਦ ਤੋਂ ਫਾਜ਼ਿਲਕਾ ਵੱਲ ਆ ਰਹੀ ਇੱਕ ਪ੍ਰਾਈਵੇਟ ਬੱਸ ਪਿੰਡ ਛੱਪੜੀ ਵਾਲਾ ਨੇੜੇ ਪਹੁੰਚੀ ਤਾਂ ਇਸੇ ਦੌਰਾਨ ਇੱਕ ਵਿਅਕਤੀ ਮੋਟਰਸਾਈਕਲ ਟਰਾਲੀ ਜੁਗਾੜੂ ਵਾਹਨ ’ਤੇ ਕਰੀਬ 10 ਗੱਟੇ ਖਾਦ ਲੱਦ ਕੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਵਾਹਨ ’ਤੇ ਜ਼ਿਆਦਾ ਸਾਮਾਨ ਲੱਦਿਆ ਹੋਣ ਕਾਰਨ ਉਹ ਸਮੇਂ ਸਿਰ ਸੜਕ ਪਾਰ ਨਹੀਂ ਕਰ ਸਕਿਆ। ਸਾਹਮਣੇ ਤੋਂ ਆ ਰਹੀ ਬੱਸ ਨੂੰ ਦੇਖ ਕੇ ਬੱਸ ਚਾਲਕ ਨੇ ਟੱਕਰ ਤੋਂ ਬਚਾਉਣ ਲਈ ਬੱਸ ਨੂੰ ਇੱਕ ਪਾਸੇ ਮੋੜ ਦਿੱਤਾ। ਬਿਜਲੀ ਦਾ ਖੰਭਾ ਟੁੱਟਿਆ, ਕੰਧ ਵੀ ਨੁਕਸਾਨੀ ਬੱਸ ਚਾਲਕ ਦੀ ਕੋਸ਼ਿਸ਼ ਦੇ ਬਾਵਜੂਦ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਅਤੇ ਇੱਕ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਿਜਲੀ ਦਾ ਖੰਭਾ ਟੁੱਟ ਗਿਆ ਅਤੇ ਕੰਧ ਵੀ ਨੁਕਸਾਨੀ ਗਈ। ਹਾਦਸੇ ਵਿੱਚ ਬੱਸ ਦੇ ਅਗਲੇ ਹਿੱਸੇ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਹਾਦਸੇ ਵਿੱਚ ਬੱਸ ਚਾਲਕ ਅਤੇ ਜੁਗਾੜੂ ਵਾਹਨ ਚਾਲਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਬੱਸ ਵਿੱਚ ਸਿਰਫ਼ 5-6 ਯਾਤਰੀ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਰਹੇ।