ਅਬੋਹਰ ਦੀ ਜਲ ਸਪਲਾਈ ਵਿਵਸਥਾ ਹੋਵੇਗੀ ਮਜ਼ਬੂਤ : ਵਿਧਾਇਕ ਸੰਦੀਪ ਜਾਖੜ ਅਬੋਹਰ ਦੀ ਜਲ ਸਪਲਾਈ ਵਿਵਸਥਾ ਹੋਵੇਗੀ ਮਜ਼ਬੂਤ : ਵਿਧਾਇਕ ਸੰਦੀਪ ਜਾਖੜ
Publish Date: Wed, 09 Sep 2026 05:25 PM (IST)
Updated Date: Wed, 09 Sep 2026 05:25 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਕੇਂਦਰ ਸਰਕਾਰ ਦੀ ਅੰਮ੍ਰਿਤ 2.0 ਯੋਜਨਾ ਤਹਿਤ ਅਬੋਹਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਰੀਬ 7 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ ਹੋਣ ਵਾਲੇ ਵਿਕਾਸ ਕਾਰਜਾਂ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਸੰਦੀਪ ਜਾਖੜ ਨੇ ਅਬੋਹਰ ਵਾਟਰ ਵਰਕਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵਾਟਰ ਵਰਕਸ ਵਿੱਚ ਮੌਜੂਦ ਮਸ਼ੀਨਾਂ, ਮੋਟਰਾਂ ਅਤੇ ਪਾਣੀ ਭੰਡਾਰਨ ਵਿਵਸਥਾ ਦਾ ਨਿਰੀਖਣ ਕੀਤਾ। ਵਿਧਾਇਕ ਨੇ ਕਿਹਾ ਕਿ ਅੰਮ੍ਰਿਤ 2.0 ਯੋਜਨਾ ਤਹਿਤ ਮਿਲਿਆ ਇਹ ਪ੍ਰਾਜੈਕਟ ਅਬੋਹਰ ਦੀਆਂ ਭਵਿੱਖ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਤਹਿਤ ਕਰੀਬ 3.5 ਕਿਲੋਮੀਟਰ 500 ਐੱਮਐੱਮ (20 ਇੰਚ) ਅਤੇ 1 ਕਿਲੋਮੀਟਰ 200 ਐੱਮਐੱਮ (8 ਇੰਚ) ਪਾਈਪਲਾਈਨ ਵਿਛਾਈ ਜਾਵੇਗੀ। ਇਸ ਨਾਲ ਰਾਜੀਵ ਨਗਰ, ਸ਼ਿਵ ਸ਼ਕਤੀ ਨਗਰ, ਮੈਟਰੋ ਕਲੋਨੀ, ਚੰਡੀਗੜ੍ਹ ਮੁਹੱਲਾ, ਬਾਲਾਜੀ ਕਲੋਨੀ, ਮਹਿੰਦਰਾ ਕੋਲਡ ਸਟੋਰ ਇਲਾਕਾ, ਤਾਰਾ ਅਸਟੇਟ ਅਤੇ ਕੰਧਾਰੀ ਸਿੰਘ ਇਲਾਕੇ ਨੂੰ ਲਾਭ ਮਿਲਣ ਦੀ ਉਮੀਦ ਹੈ। ਪ੍ਰਾਜੈਕਟ ਦਾ ਟੈਂਡਰ ਤਰਸੇਮ ਚੰਦ ਗਰਗ ਕੰਪਨੀ ਨੂੰ ਅਲਾਟ ਕੀਤਾ ਜਾ ਚੁੱਕਾ ਹੈ। ਵਿਧਾਇਕ ਜਾਖੜ ਨੇ ਕਿਹਾ ਕਿ ਪ੍ਰਾਜੈਕਟ ਨੂੰ ਤੈਅ ਮਾਪਦੰਡਾਂ ਅਨੁਸਾਰ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਰੱਖਿਆ ਜਾਵੇਗਾ।