ਅਬੋਹਰ ਦੇ ਨਸ਼ਾ ਛੁਡਾਊ ਕੇਂਦਰ ਨੇ ਕੌਮੀ ਪੱਧਰ ’ਤੇ ਮਾਣ ਖੱਟਿਆ, ਇਲਾਜ ਦੇ ਖੇਤਰ ਵਿੱਚ ਮਿਲਿਆ ਪਹਿਲਾ ਸਥਾਨ ਅਬੋਹਰ ਦੇ ਨਸ਼ਾ ਛੁਡਾਊ ਕੇਂਦਰ ਨੇ ਕੌਮੀ ਪੱਧਰ ’ਤੇ ਮਾਣ ਖੱਟਿਆ, ਇਲਾਜ ਦੇ ਖੇਤਰ ਵਿੱਚ ਮਿਲਿਆ ਪਹਿਲਾ ਸਥਾਨ
Publish Date: Thu, 29 Oct 2026 04:04 PM (IST)
Updated Date: Fri, 30 Oct 2026 04:01 AM (IST)
ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ, ਅਬੋਹਰ : ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਬਿਹਤਰ ਇਲਾਜ ਅਤੇ ਨਵੀਂ ਜ਼ਿੰਦਗੀ ਦੇਣ ਦੇ ਖੇਤਰ ਵਿੱਚ ਅਬੋਹਰ ਨੇ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਸਿਵਲ ਹਸਪਤਾਲ ਅਬੋਹਰ ਸਥਿਤ ਡਾ. ਮਹੇਸ਼ ਦੇ ਮਨੋਚਿਕਿਤਸਾ ਅਤੇ ਨਸ਼ਾ ਛੁਡਾਊ ਕੇਂਦਰ ਨੂੰ ਨਸ਼ੇ ਅਤੇ ਮਾਨਸਿਕ ਰੋਗਾਂ ਦੇ ਇਲਾਜ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਨਸ਼ੇ ਅਤੇ ਐੱਚਆਈਵੀ ਦੇ ਇਲਾਜ ਦੇ ਮਾਮਲੇ ਵਿੱਚ ਪੰਜਾਬ ਨੇ ਦੇਸ਼ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਬੈਂਗਲੁਰੂ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸਿਜ਼ (ਨਿਮਹਾਂਸ) ਵਿਖੇ 26 ਅਤੇ 27 ਅਕਤੂਬਰ ਨੂੰ ਕਰਵਾਈ ਗਈ ਕੌਮੀ ਕਾਨਫਰੰਸ ਦੌਰਾਨ ਨਸ਼ਾ ਛੁਡਾਊ ਇਲਾਜ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਇਸ ਸ਼੍ਰੇਣੀ ਵਿੱਚ ਦਿੱਲੀ ਪਹਿਲੇ ਅਤੇ ਮਿਜ਼ੋਰਮ ਦੂਜੇ ਸਥਾਨ ’ਤੇ ਰਹੇ, ਜਦਕਿ ਪੰਜਾਬ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਡਾ. ਮਹੇਸ਼ ਨੇ ਕਿਹਾ ਕਿ ਇਸ ਸਨਮਾਨ ਦੇ ਅਸਲ ਹੱਕਦਾਰ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਹਨ, ਜੋ ਦਿਨ-ਰਾਤ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਮਿਹਨਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀਆਂ ਨੂੰ ਮੁੜ ਆਮ ਜ਼ਿੰਦਗੀ ਵੱਲ ਲਿਆਉਣਾ ਇੱਕ ਸਾਂਝਾ ਯਤਨ ਹੈ, ਜਿਸ ਵਿੱਚ ਡਾਕਟਰਾਂ ਤੋਂ ਲੈ ਕੇ ਹੋਰ ਸਟਾਫ਼ ਮੈਂਬਰਾਂ ਤੱਕ ਸਾਰਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਅੱਜ ਸਮਾਜ ਸਾਹਮਣੇ ਇੱਕ ਗੰਭੀਰ ਚੁਣੌਤੀ ਹੈ। ਨਸ਼ਾ ਛੁਡਾਊ ਕੇਂਦਰਾਂ ਦੀ ਜ਼ਿੰਮੇਵਾਰੀ ਸਿਰਫ਼ ਦਵਾਈਆਂ ਦੇਣ ਤੱਕ ਸੀਮਤ ਨਹੀਂ, ਸਗੋਂ ਮਰੀਜ਼ਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣਾ, ਇਲਾਜ ਦੌਰਾਨ ਉਨ੍ਹਾਂ ਦੀ ਸਹਾਇਤਾ ਕਰਨਾ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣਾ ਵੀ ਹੈ। ਅਬੋਹਰ ਦੇ ਕੇਂਦਰ ਨੂੰ ਮਿਲੀ ਇਹ ਪਛਾਣ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਵੀ ਉਮੀਦ ਦਾ ਸੁਨੇਹਾ ਹੈ। ਡਾ. ਮਹੇਸ਼ ਨੂੰ ਇਸ ਪ੍ਰਾਪਤੀ ਲਈ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਅਮਰਪ੍ਰੀਤ ਕੌਰ, ਐੱਸਐੱਸਪੀ ਗਗਨਜੀਤ ਸਿੰਘ, ਸਿਵਲ ਸਰਜਨ ਡਾ. ਕਵਿਤਾ ਸਿੰਘ, ਡਾ. ਪਿੰਕਾਕਸ਼ੀ ਅਰੋੜਾ, ਡਾ. ਸੁਮਿਤ ਸਿੰਘ, ਡਾ. ਸਨਮਾਨ ਮਾਂਜੀ, ਡਾ. ਸੁਰੇਸ਼ ਕੰਬੋਜ, ਡਾ. ਸਵਪਨਿਲ ਅਰੋੜਾ, ਡਾ. ਰੰਜਨਾ, ਡਾ. ਰਵੀ ਬਾਂਸਲ, ਡਾ. ਸੌਰਵ ਨਾਰੰਗ ਅਤੇ ਸਮਾਜ ਸੇਵਕ ਗਗਨ ਚੁੱਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਧਾਈ ਦਿੱਤੀ। ਕੌਮੀ ਪੱਧਰ ’ਤੇ ਮਿਲੀ ਇਸ ਪਛਾਣ ਨਾਲ ਅਬੋਹਰ ਦੇ ਸਿਹਤ ਖੇਤਰ ਦਾ ਮਾਣ ਵਧਿਆ ਹੈ। ਇਹ ਪ੍ਰਾਪਤੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਬਿਹਤਰ ਡਾਕਟਰੀ ਸੇਵਾਵਾਂ, ਸਮਰਪਿਤ ਟੀਮ ਅਤੇ ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ।