ਥਾਈਲੈਂਡ ਗਏ ਅਬੋਹਰ ਦੇ ਨੌਜਵਾਨ ਮਿਆਂਮਾਰ ’ਚ ਬਣਾਇਆ ਬੰਦੀ ਰੁਜ਼ਗਾਰ ਲਈ ਥਾਈਲੈਂਡ ਗਿਆ ਅਬੋਹਰ ਦਾ ਨੌਜਵਾਨ ਮਿਆਂਮਾਰ ਵਿੱਚ ਬਣਾਇਆ ਬੰਧਕ
Publish Date: Fri, 20 Nov 2026 06:55 PM (IST)
Updated Date: Sat, 21 Nov 2026 04:02 AM (IST)
ਪਰਿਵਾਰ ਦਾ ਦਾਅਵਾ, ਨੌਜਵਾਨ ਨੂੰ ਕਰੰਟ ਲਾ ਕੇ ਦਿੱਤੇ ਜਾ ਰਹੇ ਤਸੀਹੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ, ਅਬੋਹਰ : ਬਿਹਤਰ ਭਵਿੱਖ ਤੇ ਰੁਜ਼ਗਾਰ ਦੀ ਭਾਲ ’ਚ ਵਿਦੇਸ਼ ਗਏ ਅਬੋਹਰ ਦੇ ਇੱਕ ਨੌਜਵਾਨ ਨੂੰ ਮਿਆਂਮਾਰ ’ਚ ਬੰਦੀ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੂੰ ਛੁਡਵਾਉਣ ਦੇ ਬਦਲੇ ਪਹਿਲਾਂ ਉਨ੍ਹਾਂ ਤੋਂ 8 ਲੱਖ ਰੁਪਏ ਵਸੂਲ ਕੀਤੇ ਗਏ ਹਨ, ਜਦਕਿ ਹੁਣ ਸਾਢੇ 4 ਲੱਖ ਰੁਪਏ ਹੋਰ ਮੰਗੇ ਜਾ ਰਹੇ ਹਨ। ਪਰਿਵਾਰ ਨੇ ਨੌਜਵਾਨ ਨੂੰ ਤਸੀਹੇ ਦੇਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਦਾਅਵਾ ਕਰਦਿਆਂ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ। ਬਾਕਸ ਨੌਕਰੀ ਲਈ ਥਾਈਲੈਂਡ ਭੇਜਿਆ ਸੀ ਪੁੱਤਰ ਪਰਿਵਾਰਕ ਮੈਂਬਰਾਂ ਅਨੁਸਾਰ ਅਬੋਹਰ ਦੀ ਜੰਮੂ ਬਸਤੀ ਦੇ ਰਹਿਣ ਵਾਲੇ 30 ਸਾਲਾ ਮਾਨਵ ਜੁਨੇਜਾ ਕਰੀਬ ਇੱਕ ਮਹੀਨਾ ਪਹਿਲਾਂ ਵਰਕ ਵੀਜ਼ੇ ’ਤੇ ਨੌਕਰੀ ਲਈ ਥਾਈਲੈਂਡ ਗਿਆ ਸੀ। ਪਰਿਵਾਰ ਨੇ ਉਸ ਦੇ ਬਿਹਤਰ ਭਵਿੱਖ ਦੀ ਉਮੀਦ ’ਚ ਵਿਦੇਸ਼ ਭੇਜਣ ਲਈ ਆਪਣੀ ਜੀਵਨ ਭਰ ਦੀ ਜਮ੍ਹਾ ਪੂੰਜੀ ਖਰਚ ਕਰ ਦਿੱਤੀ। ਇੱਥੋਂ ਤੱਕ ਕਿ ਘਰ ਦੇ ਗਹਿਣੇ ਵੀ ਵੇਚਣੇ ਪਏ। ਬਾਕਸ- ਪਹਿਲਾਂ 8 ਲੱਖ ਲਏ, ਹੁਣ ਸਾਢੇ 4 ਲੱਖ ਹੋਰ ਮੰਗਣ ਦਾ ਦੋਸ਼ ਪਰਿਵਾਰ ਦਾ ਦੋਸ਼ ਹੈ ਕਿ ਮਾਨਵ ਨੂੰ ਮਿਆਂਮਾਰ ’ਚ ਬੰਦੀ ਬਣਾ ਲਿਆ ਗਿਆ ਹੈ ਤੇ ਉਸ ਨੂੰ ਛੱਡਣ ਦੇ ਬਦਲੇ ਪਹਿਲਾਂ 8 ਲੱਖ ਰੁਪਏ ਲਏ ਗਏ ਹਨ। ਹੁਣ ਸਾਢੇ 4 ਲੱਖ ਰੁਪਏ ਹੋਰ ਮੰਗੇ ਜਾ ਰਹੇ ਹਨ। ਪਰਿਵਾਰ ਨੇ ਦਾਅਵਾ ਕੀਤਾ ਕਿ ਮਾਨਵ ਨੂੰ ਕਰੰਟ ਲਾ ਕੇ ਤਸੀਹੇ ਦਿੱਤੇ ਜਾ ਰਹੇ ਹਨ ਤੇ ਵਾਧੂ ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬਾਕਸ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਮਾਨਵ ਦਾ ਪਰਿਵਾਰ ਇਸ ਸਮੇਂ ਫਾਜ਼ਿਲਕਾ ’ਚ ਰਹਿੰਦਾ ਹੈ, ਜਦਕਿ ਉਸ ਦੇ ਪਿਤਾ ਅਬੋਹਰ ’ਚ ਬੱਸਾਂ ਦੀਆਂ ਮੋਟਰਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ। ਮਾਨਵ ਦੋ ਭਰਾਵਾਂ ’ਚੋਂ ਇੱਕ ਹੈ। ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਪਰਿਵਾਰ ਨੇ ਗ੍ਰਹਿ ਮੰਤਰਾਲੇ, ਪੰਜਾਬ ਸਰਕਾਰ ਤੇ ਇਲਾਕੇ ਦੇ ਵਿਧਾਇਕ ਨੂੰ ਅਪੀਲ ਕੀਤੀ ਹੈ ਕਿ ਮਾਨਵ ਨੂੰ ਜਲਦ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।