ਜਲਾਲਾਬਾਦ ਨਗਰ ਕੌਂਸਲ ਚੋਣ 'ਚ ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ ਜਲਾਲਾਬਾਦ ਨਗਰ ਕੌਂਸਲ ਚੋਣ 'ਚ 'ਆਪ' ਨੂੰ ਭਾਰੀ ਬਹੁਮਤ, ਕਾਂਗਰਸ ਤੇ ਅਕਾਲੀ ਦਲ ਨੂੰ ਝਟਕਾ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ
Publish Date: Mon, 06 Jul 2026 05:46 PM (IST)
Updated Date: Mon, 06 Jul 2026 05:48 PM (IST)
ਹੈਪੀ ਕਾਠਪਾਲ/ਬੰਪਲ ਭਠੇਜਾ.ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਨਗਰ ਕੌਂਸਲ ਚੋਣਾਂ 2026 ਦੇ ਅੰਤਿਮ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀ ਸਿਆਸੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਆਮ ਆਦਮੀ ਪਾਰਟੀ (ਆਪ) ਨੇ ਸ਼ਹਿਰ ਦੀਆਂ ਜ਼ਿਆਦਾਤਰ ਸੀਟਾਂ ਤੇ ਕਬਜ਼ਾ ਕਰਕੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਚੋਣ ਮੈਦਾਨ ਵਿੱਚ ਉਤਰੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਸ ਚੋਣ ਵਿੱਚ ਸਖ਼ਤ ਮਿਹਨਤ ਤੋਂ ਬਾਅਦ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਵਾਰਡ ਨੰਬਰ 1 ਵਿੱਚ ਮਹਿਲਾ ਉਮੀਦਵਾਰ ਲਈ ਰਾਖਵੀਂ ਸੀਟ ਤੇ ਆਮ ਆਦਮੀ ਪਾਰਟੀ ਦੀ ਸਿਲਵੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਕੁੱਲ 642 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਨਿਰਮਲਾ ਰਾਣੀ ਨੂੰ 330 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ। ਵਾਰਡ ਨੰਬਰ 2, ਜੋ ਅਨੁਸੂਚਿਤ ਜਾਤੀ ਲਈ ਰਾਖਵਾਂ ਸੀ, ਵਿੱਚ ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ ਜੇਤੂ ਰਹੇ, ਜਿਨ੍ਹਾਂ ਨੂੰ 391 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂ ਨੇ ਚਨਨ ਰਾਮ ਨੂੰ 66 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 3 (ਅਨੁਸੂਚਿਤ ਜਾਤੀ ਮਹਿਲਾ) ਵਿੱਚ ਆਪ ਦੀ ਨੀਲਮ ਰਾਣੀ ਨੇ 397 ਵੋਟਾਂ ਪਾ ਕੇ ਗੁਰਵਿੰਦਰ ਕੌਰ ਨੂੰ 115 ਵੋਟਾਂ ਨਾਲ ਮਾਤ ਦਿੱਤੀ। ਵਾਰਡ ਨੰਬਰ 4 ਵਿੱਚ ਜਨਰਲ ਸ਼੍ਰੇਣੀ ਵਿੱਚ ਕਾਂਗਰਸ ਦੇ ਅਸ਼ਵਨੀ ਸਿਡਾਨਾ ਨੇ 477 ਵੋਟਾਂ ਹਾਸਲ ਕੀਤੀਆਂ ਅਤੇ ਪਰਮਿੰਦਰ ਸਿੰਘ ਨੂੰ 34 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 5 ਵਿੱਚ ਮਹਿਲਾ ਸ਼੍ਰੇਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਸ਼ੀ ਬਾਲਾ 429 ਵੋਟਾਂ ਨਾਲ ਜੇਤੂ ਰਹੀ, ਜਿਨ੍ਹਾਂ ਨੇ ਅਮਨਦੀਪ ਕੌਰ ਨੂੰ 103 ਵੋਟਾਂ ਨਾਲ ਪਿੱਛੇ ਛੱਡਿਆ। ਵਾਰਡ ਨੰਬਰ 6 ਦੀ ਜਨਰਲ ਸ਼੍ਰੇਣੀ ਵਿੱਚ ਆਪ ਦੇ ਅੰਕੁਸ਼ ਮੁਟਨੇਜਾ ਦਾ ਪ੍ਰਦਰਸ਼ਨ ਬੇਹੱਦ ਪ੍ਰਭਾਵਸ਼ਾਲੀ ਰਿਹਾ, ਜਿੱਥੇ ਉਨ੍ਹਾਂ ਨੇ 960 ਵੋਟਾਂ ਪ੍ਰਾਪਤ ਕਰਕੇ ਰਾਜ ਕੁਮਾਰ ਨੂੰ 386 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ। ਵਾਰਡ ਨੰਬਰ 7 ਵਿੱਚ ਐਸਸੀ ਸ਼੍ਰੇਣੀ ਤੋਂ ਕਾਂਗਰਸ ਦੇ ਵਿਕਰਮਜੀਤ ਸਿੰਘ 506 ਵੋਟਾਂ ਪਾ ਕੇ ਜੇਤੂ ਰਹੇ ਅਤੇ ਕੁਲਦੀਪ ਸਿੰਘ ਨੂੰ 180 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 8 (ਮਹਿਲਾ) ਵਿੱਚ ਕਾਂਗਰਸ ਦੀ ਪਰਮਜੀਤ ਕੌਰ ਉਰਫ਼ ਸਰੋਜ ਬਾਲਾ ਨੇ 502 ਵੋਟਾਂ ਹਾਸਲ ਕੀਤੀਆਂ ਅਤੇ ਨੇਹਾ ਛਾਬੜਾ ਨੂੰ 174 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 9 ਵਿੱਚ ਆਪ ਦੀ ਰਜਨੀ ਰਾਣੀ 485 ਵੋਟਾਂ ਨਾਲ ਜੇਤੂ ਰਹੀ ਅਤੇ ਉਨ੍ਹਾਂ ਨੇ ਆਂਚਲ ਰਾਣੀ ਨੂੰ 82 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 10 ਵਿੱਚ ਆਪ ਦੇ ਤਰੁਣ ਵਿੱਜ ਨੇ 411 ਵੋਟਾਂ ਪ੍ਰਾਪਤ ਕੀਤੀਆਂ ਅਤੇ ਰਜਨੀ ਬਾਲਾ ਨੂੰ 60 ਵੋਟਾਂ ਨਾਲ ਮਾਤ ਦਿੱਤੀ। ਵਾਰਡ ਨੰਬਰ 11 ਵਿੱਚ ਆਪ ਦੀ ਪਰਵੀਨ ਰਾਣੀ ਨੇ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ, ਜਿੱਥੇ ਉਨ੍ਹਾਂ ਨੇ 664 ਵੋਟਾਂ ਪ੍ਰਾਪਤ ਕਰਕੇ ਸੰਤੋਸ਼ ਰਾਣੀ ਨੂੰ 541 ਵੋਟਾਂ ਦੇ ਫਰਕ ਨਾਲ ਕਰਾਰੀ ਸ਼ਿਕਸਤ ਦਿੱਤੀ। ਵਾਰਡ ਨੰਬਰ 12 ਵਿੱਚ ਆਪ ਦੇ ਹਰੀਸ਼ ਕੁਮਾਰ ਨੇ 416 ਵੋਟਾਂ ਪਾ ਕੇ ਪਰਵਿੰਦਰ ਕੁਮਾਰ ਨੂੰ 213 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 13 ਵਿੱਚ ਕਾਂਗਰਸ ਦੀ ਸੁਮਿਤਰਾ ਦੇਵੀ ਉਰਫ਼ ਸੁਮਿਤਰਾ ਰਾਣੀ ਨੇ 459 ਵੋਟਾਂ ਨਾਲ ਸਿਮਰਨਜੀਤ ਕੌਰ ਨੂੰ 118 ਵੋਟਾਂ ਨਾਲ ਮਾਤ ਦਿੱਤੀ। ਵਾਰਡ ਨੰਬਰ 14 ਵਿੱਚ ਆਪ ਦੇ ਦਰਸ਼ਨ ਲਾਲ ਨੇ 450 ਵੋਟਾਂ ਨਾਲ ਸੁਖਦੇਵ ਸਿੰਘ ਨੂੰ 213 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 15 ਵਿੱਚ ਆਪ ਦੀ ਅਰਵਿੰਦਰ ਕੌਰ ਨੇ 486 ਵੋਟਾਂ ਪਾ ਕੇ ਨਿਸ਼ਾ ਖੇੜਾ ਨੂੰ 116 ਵੋਟਾਂ ਨਾਲ ਸ਼ਿਕਸਤ ਦਿੱਤੀ। ਵਾਰਡ ਨੰਬਰ 16 ਵਿੱਚ ਆਪ ਦੇ ਰਾਜੀਵ ਬਜਾਜ ਨੇ 936 ਵੋਟਾਂ ਪ੍ਰਾਪਤ ਕਰਕੇ ਹਰਭਗਤ ਸਿੰਘ ਨੂੰ 576 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਅੰਤਿਮ ਵਾਰਡ ਨੰਬਰ 17 ਵਿੱਚ ਆਪ ਦੇ ਜਰਨੈਲ ਸਿੰਘ ਨੇ 586 ਵੋਟਾਂ ਹਾਸਲ ਕਰਕੇ ਰੋਹਿਤ ਕੁਮਾਰ ਨੂੰ 223 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਚੋਣ ਵਿੱਚ ਵੋਟਾਂ ਦੇ ਰੱਦ ਹੋਣ ਦੀ ਪ੍ਰਕਿਰਿਆ ਵੀ ਕਾਫੀ ਚਰਚਾ ਵਿੱਚ ਰਹੀ। ਵਾਰਡ ਨੰਬਰ 1 ਤੇ ਵਾਰਡ ਨੰਬਰ 16 ਵਿੱਚ ਇੱਕ ਵੀ ਵੋਟ ਰੱਦ ਨਹੀਂ ਹੋਈ। ਹੋਰ ਵਾਰਡਾਂ ਵਿੱਚ ਰੱਦ ਹੋਈਆਂ ਵੋਟਾਂ ਦੀ ਗੱਲ ਕਰੀਏ ਤਾਂ ਵਾਰਡ ਨੰਬਰ 2 ਵਿੱਚ 5, ਵਾਰਡ ਨੰਬਰ 3 ਵਿੱਚ 7, ਵਾਰਡ ਨੰਬਰ 4 ਵਿੱਚ 11, ਵਾਰਡ ਨੰਬਰ 5 ਵਿੱਚ 7, ਵਾਰਡ ਨੰਬਰ 6 ਵਿੱਚ 9, ਵਾਰਡ ਨੰਬਰ 7 ਵਿੱਚ 14, ਵਾਰਡ ਨੰਬਰ 8 ਵਿੱਚ 9, ਵਾਰਡ ਨੰਬਰ 9 ਵਿੱਚ 7, ਵਾਰਡ ਨੰਬਰ 10 ਵਿੱਚ 8, ਵਾਰਡ ਨੰਬਰ 11 ਵਿੱਚ 10, ਵਾਰਡ ਨੰਬਰ 12 ਵਿੱਚ 10, ਵਾਰਡ ਨੰਬਰ 13 ਵਿੱਚ 9, ਵਾਰਡ ਨੰਬਰ 14 ਵਿੱਚ 4, ਵਾਰਡ ਨੰਬਰ 15 ਵਿੱਚ 3 ਅਤੇ ਵਾਰਡ ਨੰਬਰ 17 ਵਿੱਚ ਰਿਕਾਰਡ 363 ਵੋਟਾਂ ਰੱਦ ਹੋਈਆਂ। ਇਨ੍ਹਾਂ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਲਾਲਾਬਾਦ ਦੇ ਵੋਟਰਾਂ ਨੇ ਵੱਡੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ।